ਮਹਿਤਾਬ-ਉਦ-ਦੀਨ
ਚੰਡੀਗੜ੍ਹ: ਸਾਲ 2016 ਦੌਰਾਨ ‘ਪਨਾਮਾ ਦਸਤਾਵੇਜ਼ਾਂ’ ਨੇ ਤਹਿਲਕਾ ਮਚਾ ਦਿੱਤਾ ਸੀ ਤੇ ਇੰਕਸ਼ਾਫ਼ ਕੀਤਾ ਸੀ ਕਿ ਸੈਂਕੜੇ ਭਾਰਤੀ ਟੈਕਸ ਚੋਰਾਂ ਨੇ ਅਰਬਾਂ-ਖਰਬਾਂ ਰੁਪਏ ਵਿਦੇਸ਼ੀ ਬੈਂਕਾਂ ’ਚ ਜਮ੍ਹਾ ਕਰਵਾਏ ਹਨ। ਤਦ ਅਜਿਹੇ ਕਿਸੇ ਭਾਰਤੀ ਦੀ ਸ਼ਨਾਖ਼ਤ ਨਹੀਂ ਹੋਈ ਸੀ ਪਰ ਹੁਣ ਕਾਲਾ ਧਨ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾ ਕਰਵਾਉਣ ਵਾਲੇ 46 ਟੈਕਸ ਚੋਰਾਂ ਦੀ ਸ਼ਨਾਖ਼ਤ ਹੋ ਗਈ ਹੈ। ‘ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਜ਼’ (CBDT) ਨੇ ਉਨ੍ਹਾਂ ਵਿਰੁੱਧ ਦੇਸ਼ ਦੀਆਂ ਵੱਖੋ-ਵੱਖਰੀਆਂ ਅਦਾਲਤਾਂ ’ਚ 83 ਕੇਸ ਦਾਇਰ ਕਰਕੇ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। RTI ਰਾਹੀਂ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਵਿਦੇਸ਼ੀ ਬੈਂਕਾਂ ਵਿੱਚ 20,078 ਕਰੋੜ ਰੁਪਏ ਜਮ੍ਹਾ ਕਰਵਾਏ ਸਨ।


 

ਇਹ ਵੀ ਪਤਾ ਲੱਗਾ ਹੈ ਕਿ ਦੇਸ਼ ਵਿੱਚ ਅਨੇਕ ਥਾਵਾਂ ਉੱਤੇ ਅਜਿਹੇ ਟੈਕਸ ਚੋਰਾਂ ਦਾ ਪਤਾ ਲਾਉਣ ਲਈ ਵੱਡੇ ਪੱਧਰ ਉੱਤੇ ਛਾਪੇ ਵੀ ਮਾਰੇ ਜਾ ਰਹੇ ਹਨ। ਪੰਜ ਵਰ੍ਹੇ ਪਹਿਲਾਂ ‘ਇੰਡੀਅਨ ਐਕਸਪ੍ਰੈੱਸ’ ਨੇ ਪਨਾਮਾ ਪੇਪਰਜ਼ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਸੀ ਤੇ ਹੁਣ ਵੀ ਉਸੇ ਨੇ ਇਹ ਸਾਰੀ ਜਾਣਕਾਰੀ ਸਾਹਮਣੇ ਲਿਆਂਦੀ ਹੈ।

 

ਦਰਅਸਲ, ਪਨਾਮਾ ਦੀ ਇੱਕ ਲਾਅ ਫ਼ਰਮ Mossack Fonseca ਦੇ ਹੱਥ ਅਜਿਹੇ ਕੁਝ ਦਸਤਾਵੇਜ਼ ਲੱਗ ਗਏ ਸਨ, ਜਿਨ੍ਹਾਂ ਤੋਂ ਭਾਰਤੀ ਟੈਕਸ ਚੋਰਾਂ ਦੀਆਂ ਕਰਤੂਤਾਂ ਬਾਰੇ ਅਹਿਮ ਇੰਕਸ਼ਾਫ਼ ਹੋਏ ਸਨ। ਉਸ ਤੋਂ ਬਾਅਦ ‘ਇੰਟਰਨੈਸ਼ਨਲ ਕੰਸੌਰਸ਼ੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟਸ’ (ICIJ) ਨੇ ਜਾਂਚ ਸ਼ੁਰੂ ਕਰ ਦਿੱਤੀ ਸੀ, ਇਸ ਜਾਂਚ ਵਿੱਚ 100 ਮੀਡੀਆ ਪਾਰਟਨਰਜ਼ ਸਨ।

 

ਇਹ ਵੀ ਪਤਾ ਲੱਗਾ ਹੈ ਕਿ CBDT ਨੇ ਟੈਕਸ ਚੋਰਾਂ ਤੋਂ ਹੁਣ ਕਾਲਾ ਧਨ ਵਸੂਲ ਕਰਕੇ ਉਨ੍ਹਾਂ ਉੱਤੇ ਮੋਟੇ ਜੁਰਮਾਨੇ ਤੇ ਟੈਕਸ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ; ਉਨ੍ਹਾਂ ਤੋਂ ਹਾਲੇ ਤੱਕ 142 ਕਰੋੜ ਰੁਪਏ ਵਸੂਲ ਕੀਤੇ ਜਾ ਚੁੱਕੇ ਹਨ। ਨੇੜ ਭਵਿੱਖ ’ਚ ਹੋਰ ਵੀ ਮੋਟੀਆਂ ਰਕਮਾਂ ਦੀ ਵਸੂਲੀ ਹੋਣ ਦੀ ਆਸ ਹੈ।