Parmish Verma Angry On YouTube: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਪਰਮੀਸ਼ ਵਰਮਾ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਦੀ ਝੋਲੀ ਅਨੇਕਾਂ ਹਿੱਟ ਗੀਤ ਪਾਏ ਹਨ। ਤਕਰੀਬਨ ਇੱਕ ਸਾਲ ਪਹਿਲਾਂ ਪਰਮੀਸ਼ ਵਰਮਾ ਨੇ ਕਿਸਾਨਾਂ ਲਈ ਇੱਕ ਗੀਤ 'ਨਾ ਜੱਟਾ ਨਾ' ਬਣਾਇਆ ਸੀ। ਇਸ ਗੀਤ ਹਾਲੇ ਤੱਕ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਇਸ ਗਾਣੇ ਨੂੰ ਕਾਫੀ ਪਿਆਰ ਦਿੱਤਾ ਸੀ। ਕਿਉਂਕਿ ਪੰਜਾਬ ਹੀ ਨਹੀਂ ਪੂਰੇ ਦੇਸ਼ ਦਾ ਹਰ ਕਿਸਾਨ ਇਸ ਗੀਤ ਨੂੰ ਆਪਣੇ ਨਾਲ ਜੋੜ ਕੇ ਦੇਖ ਸਕਦਾ ਹੈ।





ਪਰ ਹੁਣ ਹਾਲ ਹੀ 'ਚ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਯੂੁਟਿਊਬ ਨੇ ਪਰਮੀਸ਼ ਵਰਮਾ ਤੇ ਲਾਡੀ ਚਾਹਲ ਦੇ ਇਸ ਗੀਤ 'ਤੇ ਇਤਰਾਜ਼ ਪ੍ਰਗਟ ਕਰ ਦਿੱਤਾ ਹੈ। ਯੂਟਿਊਬ ਦਾ ਕਹਿਣਾ ਹੈ ਕਿ ਇਹ ਗਾਣਾ ਲੋਕਾਂ ਨੂੰ ਸੁਸਾਈਡ (ਖੁਦਕੁਸ਼ੀ) ਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾ ਸਕਦਾ ਹੈ। ਇਸ ਕਰਕੇ ਇਸ ਗਾਣੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਰਨਿੰਗ ਮੈਸੇਜ ਸ਼ੋਅ ਹੁੰਦਾ ਹੈ।


ਇਸ ਗਾਣੇ ਦੇਖਣ ਲਈ ਤੁਹਾਨੂੰ 'ਕਨਫਰਮ' ਬਟਨ 'ਤੇ ਕਲਿੱਕ ਕਰਨਾ ਪੈਂਦਾ ਹੈ। ਦੱਸ ਦਈਏ ਕਿ ਗਾਣੇ 'ਚ ਪੰਜਾਬ ਦੇ ਕਿਸਾਨਾਂ ਦੀ ਮਾੜੀ ਹਾਲਤ ਦਿਖਾਈ ਗਈ ਹੈ। ਕਰਜ਼ੇ ਹੇਠਾਂ ਦੱਬੇ ਕਿਸਾਨਾਂ ਨੂੰ ਕਿਵੇਂ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਇਹ ਸਭ ਇਸ ਗਾਣੇ 'ਚ ਦਿਖਾਇਆ ਗਿਆ ਹੈ। ਇਹ ਗਾਣਾ 11 ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਹੁਣ ਤੱਕ 8.8 ਮਿਲੀਅਨ ਯਾਨਿ 88 ਲੱਖ ਲੋਕ ਦੇਖ ਚੁੱਕੇ ਹਨ।




ਪਰਮੀਸ਼ ਵਰਮਾ ਨੇ ਜਤਾਈ ਨਾਰਾਜ਼ਗੀ
ਉੱਧਰ, ਪਰਮੀਸ਼ ਵਰਮਾ ਯੂਟਿਊਬ ਦੀ ਇਸ ਕਾਰਵਾਈ ਤੋਂ ਨਾਰਾਜ਼ ਲੱਗ ਰਹੇ ਹਨ। ਉਨ੍ਹਾਂ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਰਮੀਸ਼ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕਿਹਾ, 'ਯੂਟਿਊਬ, ਇਹ ਠੀਕ ਨਹੀਂ ਹੈ। ਮੈਨੂੰ ਇਹ ਅਪਮਾਨਜਨਕ ਲੱਗ ਰਿਹਾ ਹੈ। ਪੂਰੇ ਦੇਸ਼ ਦੇ ਕਿਸਾਨਾਂ ਨੇ ਇਸ ਗੀਤ ਨੂੰ ਤੇ ਇਸ ਦੀ ਵੀਡੀਓ ਨੂੰ ਪਿਆਰ ਦਿੱਤਾ ਹੈ। ਪਲੀਜ਼ ਇਸ ਵੀਡੀਓ ਨੂੰ ਦੁਬਾਰਾ ਦੇਖੋ ਤੇ ਸਾਨੂੰ ਦੱਸੋ ਕਿ ਇਹ ਵੀਡੀਓ ਲੋਕਾਂ ਨੂੰ ਕਿਵੇਂ ਸੁਸਾਈਡ ਕਰਨ ਲਈ ਉਕਸਾ ਸਕਦੀ ਹੈ। ਇਸ ਵੀਡੀਓ 'ਤੇ 14000 ਕਮੈਂਟ ਹਨ, ਮੈਨੂੰ ਇਨ੍ਹਾਂ ਵਿੱਚੋਂ ਕੋਈ 100 ਕਮੈਂਟ ਦਿਖਾ ਦਿਓ ਜਿੱਥੇ ਲੋਕਾਂ ਨੇ ਸੁਸਾਈਡ ਦੀ ਗੱਲ ਕੀਤੀ ਹੋਵੇ।' ਦੇਖੋ ਪਰਮੀਸ਼ ਦੀ ਇਹ ਪੋਸਟ:




ਕਾਬਿਲੇਗ਼ੌਰ ਹੈ ਕਿ ਯੂਟਿਊਬ ਨੇ ਆਪਣੀਆਂ ਨੀਤੀਆਂ ਸਖਤ ਕੀਤੀਆਂ ਹੋਈਆਂ ਹਨ। ਯੂਟਿਊਬ ਇਸ ਤਰ੍ਹਾਂ ਦੇ ਵੀਡੀਓਜ਼ ਤੋਂ ਇਤਰਾਜ਼ ਜਤਾਉਂਦਾ ਹੈ, ਜੋ ਕਿਸੇ ਵੀ ਤਰ੍ਹਾਂ ਹਿੰਸਾ ਜਾਂ ਸੁਸਾਈਡ ਲਈ ਲੋਕਾਂ ਨੂੰ ਭੜਕਾ ਸਕਦੇ ਹਨ, ਪਰ ਪਰਮੀਸ਼ ਦੇ ਗਾਣੇ 'ਚ ਜੋ ਦਿਖਾਇਆ ਗਿਆ ਹੈ, ਉਹ ਕਿਸਾਨਾਂ ਦੇ ਹਾਲਾਤ ਹਨ।