ਵਿਸ਼ਵ ਇਸ ਸਮੇਂ ਕੋਵਿਡ -19 ਦੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ। ਉਥੇ ਹੀ ਆਸਟਰੇਲੀਆ ਇਕ ਹੋਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਚੂਹਿਆਂ ਕਾਰਨ ਆਸਟਰੇਲੀਆ 'ਚ ਦਹਿਸ਼ਤ ਦਾ ਮਾਹੌਲ ਹੈ। ਉਥੇ ਚੂਹਿਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਣ ਤੋਂ ਬਾਅਦ, ਇਸ ਦੀ Biblical plague ਘੋਸ਼ਿਤ ਕੀਤਾ ਗਿਆ ਹੈ।
ਚੂਹਿਆਂ ਕਾਰਨ ਆਸਟਰੇਲੀਆ ਦੇ ਕਿਸਾਨ ਵੀ ਪਰੇਸ਼ਾਨ ਹਨ। ਚੂਹੇ ਉਨ੍ਹਾਂ ਦੀ ਫਸਲ ਨੂੰ ਤਬਾਹ ਕਰ ਰਹੇ ਹਨ। ਸਥਿਤੀ ਇਸ ਹੱਦ ਤਕ ਬਦਤਰ ਹੋ ਗਈ ਹੈ ਕਿ ਚੂਹੇ ਸੁੱਤੇ ਹੋਏ ਲੋਕਾਂ ਨੂੰ ਬਿਸਤਰੇ 'ਚ ਦਾਖਲ ਹੋ ਕੇ ਵੀ ਵੱਢ ਰਹੇ ਹਨ। ਇਕ ਪਰਿਵਾਰ ਨੇ ਚੂਹਿਆਂ ਨੂੰ ਉਨ੍ਹਾਂ ਦੇ ਘਰ ਨੂੰ ਸਾੜਨ ਲਈ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਚੂਹੇ ਬਿਜਲੀ ਦੀਆਂ ਤਾਰਾਂ ਨੂੰ ਚਬਾਉਂਦੇ ਸੀ। ਉਥੇ ਦੀ ਸਰਕਾਰ ਹੁਣ ਇਨ੍ਹਾਂ ਚੂਹਿਆਂ ਨਾਲ ਨਜਿੱਠਣ ਦੇ ਤਰੀਕੇ ਲੱਭ ਰਹੀ ਹੈ।
ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਕਿਹਾ, "ਹੁਣ ਅਸੀਂ ਇਕ ਨਾਜ਼ੁਕ ਬਿੰਦੂ 'ਤੇ ਹਾਂ, ਜੇ ਅਸੀਂ ਬਸੰਤ ਰੁੱਤ ਤਕ ਚੂਹਿਆਂ ਦੀ ਗਿਣਤੀ ਨੂੰ ਘੱਟ ਨਹੀਂ ਕਰਦੇ ਹਾਂ, ਤਾਂ ਸਾਨੂੰ ਪੇਂਡੂ ਅਤੇ ਖੇਤਰੀ ਨਿਊ ਸਾਊਥ ਵੇਲਜ਼ 'ਚ ਪੂਰੇ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"
ਆਸਟਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਸਥਿਤੀ ਨੂੰ ਬੇਮਿਸਾਲ ਦੱਸਿਆ ਹੈ। ਬਰੂਸ ਬਾਰਨਜ਼ ਨਾਮ ਦੇ ਇੱਕ ਕਿਸਾਨ ਨੇ ਕਿਹਾ ਕਿ ਉਹ ਕੇਂਦਰੀ ਨਿਊ ਸਾਊਥ ਵੇਲਜ਼ ਦੇ ਸ਼ਹਿਰ ਬੋਗਨ ਗੇਟ ਨੇੜੇ ਆਪਣੇ ਖੇਤ ਵਿੱਚ ਫਸਲਾਂ ਬੀਜ ਕੇ ਇੱਕ ਤਰ੍ਹਾਂ ਨਾਲ ਜੂਆ ਖੇਡ ਰਿਹਾ ਹੈ। ਉਸ ਨੇ ਕਿਹਾ, "ਅਸੀਂ ਸਿਰਫ ਬਿਜਾਈ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਖਤ ਮਿਹਨਤ ਵਿਅਰਥ ਨਾ ਜਾਵੇ।"
ਰਿਪੋਰਟ ਦੇ ਅਨੁਸਾਰ, ਚੂਹੇ ਹਰ ਜਗ੍ਹਾ ਮੌਜੂਦ ਹੁੰਦੇ ਹਨ। ਉਹ ਖੇਤਾਂ, ਘਰਾਂ, ਛੱਤ, ਫਰਨੀਚਰ ਤੋਂ ਲੈ ਕੇ ਸਕੂਲ ਅਤੇ ਹਸਪਤਾਲਾਂ ਵਿੱਚ ਪਾਏ ਜਾ ਰਹੇ ਹਨ। ਲੋਕ ਚੂਹੇ ਦੇ ਮਲ-ਮੂਤਰ ਅਤੇ ਸੜਨ ਦੀ ਬਦਬੂ ਤੋਂ ਪ੍ਰੇਸ਼ਾਨ ਹਨ। ਬਹੁਤ ਸਾਰੇ ਲੋਕਾਂ ਦੇ ਇਸ ਤੋਂ ਬਿਮਾਰ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਉਥੇ ਦੀ ਸਰਕਾਰ ਨੇ ਭਾਰਤ ਤੋਂ 5000 ਲੀਟਰ ਬਰੂਮਿਡਿਓਲੋਨ ਜ਼ਹਿਰ ਦੀ ਮੰਗ ਕੀਤੀ ਹੈ, ਤਾਂ ਜੋ ਚੂਹਿਆਂ ਦੇ ਦਹਿਸ਼ਤ ਨਾਲ ਨਜਿੱਠਿਆ ਜਾ ਸਕੇ।