ਚੰਡੀਗੜ੍ਹ: ਇੱਕ ਪੈਟਰੋਲ ਪੰਪ ਮਾਲਕ ਵੱਲੋਂ ਖ਼ੁਦਕੁਸ਼ੀ ਤੋਂ ਬਾਅਦ ਪੰਜਾਬ ਭਰ 'ਚ ਪੈਟਰੋਲ ਪੰਪਾਂ ਦੇ ਮਾਲਕਾਂ 'ਚ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਵੱਧ ਕੀਮਤਾਂ ਹੋਣ ਕਰਕੇ ਉਸ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਸੀ, ਜਿਸ ਦੇ ਰੋਸ 'ਚ ਹੁਣ ਉਹ ਸਰਕਾਰ ਖ਼ਿਲਾਫ਼ ਸੰਘਰਸ਼ ਕਰਨਗੇ।
ਪੈਟਰੋਲ ਪੰਪ ਮਾਲਕਾਂ ਨੇ ਕਿਹਾ ਕਿ ਉਹ ਪੈਟਰੋਲ ਤੇ ਡੀਜ਼ਲ ‘ਤੇ ਵੱਧ ਟੈਕਸ ਦਰਾਂ ਦੇ ਵਿਰੋਧ 'ਚ 29 ਜੁਲਾਈ ਨੂੰ ਆਪਣੇ ਪੈਟਰੋਲ ਪੰਪ ਬੰਦ ਰੱਖਣਗੇ। ਪੰਪ ਮਾਲਕਾਂ ਦਾ ਕਹਿਣਾ ਹੈ ਕਿ ਵੱਧ ਟੈਕਸ ਦੀਆਂ ਦਰਾਂ ਨੇ ਉਨ੍ਹਾਂ ਦੇ ਕੰਮ 'ਤੇ ਮਾੜਾ ਪ੍ਰਭਾਵ ਪਾਇਆ ਹੈ।
ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਟੈਕਸ ਰੇਟਾਂ ਵਿੱਚ ਅਸਮਾਨਤਾ ਹੋਣ ਕਾਰਨ ਪੰਜਾਬ ਵਿੱਚ ਤੇਲ ਦੀਆਂ ਕੀਮਤਾਂ ਚੰਡੀਗੜ੍ਹ ਤੇ ਹਰਿਆਣਾ ਨਾਲੋਂ ਵੱਧ ਹਨ। ਉਨ੍ਹਾਂ ਕਿਹਾ, “ਅਸੀਂ ਉੱਚੇ ਟੈਕਸ ਰੇਟਾਂ ਦੇ ਖ਼ਿਲਾਫ਼ 29 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਪੈਟਰੋਲ ਪੰਪਾਂ ਨੂੰ ਬੰਦ ਕਰਾਂਗੇ।”
ਪੰਪ ਮਾਲਕਾਂ ਅਨੁਸਾਰ ਪੰਜਾਬ ਵਿੱਚ ਪੈਟਰੋਲ ਦੀ ਪ੍ਰਚੂਨ ਕੀਮਤ 82.35 ਰੁਪਏ ਪ੍ਰਤੀ ਲੀਟਰ ਹੈ, ਜਦਕਿ ਚੰਡੀਗੜ੍ਹ ਵਿੱਚ ਇਹ 77.41 ਰੁਪਏ ਹੈ ਤੇ ਪੰਚਕੂਲਾ 'ਚ 78.46 ਰੁਪਏ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ ਪੰਜਾਬ 'ਚ ਡੀਜ਼ਲ ਦੀ ਕੀਮਤ 75.54 ਰੁਪਏ ਪ੍ਰਤੀ ਲੀਟਰ ਹੈ।
ਚੰਡੀਗੜ੍ਹ 'ਚ ਇੱਕ ਲੀਟਰ ਡੀਜ਼ਲ ਦੀ ਕੀਮਤ 72.91 ਰੁਪਏ ਤੇ ਪੰਚਕੂਲਾ ਵਿਚ 73.54 ਰੁਪਏ ਹੈ। ਪੰਪ ਮਾਲਕਾਂ ਨੇ ਦੱਸਿਆ ਕਿ ਪੰਜਾਬ 'ਚ ਪੈਟਰੋਲ 'ਤੇ 33.40 ਪ੍ਰਤੀਸ਼ਤ ਟੈਕਸ ਲਗਾਇਆ ਜਾਂਦਾ ਹੈ, ਜਦਕਿ ਡੀਜ਼ਲ 'ਤੇ 19.77 ਪ੍ਰਤੀਸ਼ਤ ਟੈਕਸ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਪੈਟਰੋਲ ‘ਤੇ 22.45 ਪ੍ਰਤੀਸ਼ਤ ਤੇ ਡੀਜ਼ਲ 'ਤੇ 14.02 ਪ੍ਰਤੀਸ਼ਤ ਵੈਟ ਵਸੂਲਿਆ ਜਾਂਦਾ ਹੈ।