PM Cares Fund: ਦੁਨੀਆ ਭਰ ਵਿੱਚ ਕੋਰੋਨਾਵਾਇਰਸ (Coronavirus) ਕਾਰਨ ਹੋਈ ਤ੍ਰਾਸਦੀ ਨੂੰ ਹਰ ਕਿਸੇ ਨੇ ਦੇਖਿਆ ਹੈ। ਭਾਰਤ ਵੀ ਕੋਰੋਨਾ ਦੀ ਲਹਿਰ ਨਾਲ ਜੂਝ ਰਿਹਾ ਹੈ। ਇਸ ਮਹਾਮਾਰੀ ਕਾਰਨ ਲੱਖਾਂ ਲੋਕਾਂ ਦੀ ਜਾਨ ਚਲੀ ਗਈ, ਜਦਕਿ ਕਰੋੜਾਂ ਲੋਕ ਇਸ ਨਾਲ ਜੂਝ ਰਹੇ ਸਨ। ਦੇਸ਼ ਵਿੱਚ ਇਸ ਸਮੇਂ ਸਥਿਤੀ ਸਥਿਰ ਹੈ ਪਰ ਰੋਜ਼ਾਨਾ ਦੇ ਆਧਾਰ 'ਤੇ ਮਾਮਲੇ ਦਰਜ ਹੋ ਰਹੇ ਹਨ। ਇਸ ਦੇ ਨਾਲ ਹੀ, ਇਸ ਸਮੇਂ ਦੌਰਾਨ ਦੇਸ਼ ਭਰ ਵਿੱਚ ਬਹੁਤ ਸਾਰੇ ਅਜਿਹੇ ਬੱਚੇ ਹਨ ਜਿਨ੍ਹਾਂ ਨੇ ਕੋਰੋਨਾ ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮ ਕੇਅਰ ਫੰਡ ਨਾਲ ਇਨ੍ਹਾਂ ਬੱਚਿਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ।



ਚਿਲਡਰਨ ਕੇਅਰ ਫੰਡ (PM-CARES for Children) 'ਤੇ ਗੱਲ ਕਰਦਿਆਂ PM ਮੋਦੀ ਨੇ ਕਿਹਾ, "ਇਹ ਕੇਅਰ ਫੰਡ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਹਰ ਦੇਸ਼ ਵਾਸੀ ਪੂਰੀ ਸੰਵੇਦਨਸ਼ੀਲਤਾ ਨਾਲ ਇਨ੍ਹਾਂ ਬੱਚਿਆਂ ਦੇ ਨਾਲ ਹੈ। ਬੱਚਿਆਂ ਦੀਆਂ ਰੋਜ਼ਾਨਾ ਲੋੜਾਂ ਤੋਂ ਲੈ ਕੇ ਉਨ੍ਹਾਂ ਦੀ ਪੜ੍ਹਾਈ ਸਮੇਤ ਸਿਹਤ ਦੀ ਜ਼ਿੰਮੇਵਾਰੀ ਪੀਐਮ ਮੋਦੀ ਦਾ ਕੇਅਰ ਫੰਡ ਚੁੱਕੇਗਾ। ।ਪੀਐਮ ਮੋਦੀ ਨੇ ਕਿਹਾ, ਬੱਚਿਆਂ ਦੀ ਚੰਗੀ ਸਿੱਖਿਆ ਲਈ ਉਨ੍ਹਾਂ ਦੇ ਘਰ ਦੇ ਨੇੜੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਵਿੱਚ ਦਾਖਲਾ ਹੋਵੇਗਾ। ਸਕੂਲ ਦੇ ਸਾਰੇ ਖਰਚੇ, ਜਿਵੇਂ- ਕਾਪੀ , ਪੈੱਨ-ਪੈਨਸਿਲ, ਬੈਗ, ਕੱਪੜੇ ਸਭ ਕੇਅਰ ਫੰਡ ਵਿੱਚੋਂ ਪੂਰੇ ਕੀਤੇ ਜਾਣਗੇ।

18 ਸਾਲ ਤੋਂ 23 ਸਾਲ ਤੱਕ ਦੇ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਵਜ਼ੀਫਾ: ਪ੍ਰਧਾਨ ਮੰਤਰੀ ਮੋਦੀ
ਪੀਐਮ ਮੋਦੀ ਨੇ ਕਿਹਾ ਕਿ ਜੇਕਰ ਕਿਸੇ ਬੱਚੇ ਨੂੰ ਉੱਚ ਸਿੱਖਿਆ ਲਈ ਕਰਜ਼ੇ ਦੀ ਲੋੜ ਹੈ ਤਾਂ ਉਸ ਨੂੰ ਪੀਐਮ ਕੇਅਰ ਫੰਡ ਤੋਂ ਪੂਰੀ ਮਦਦ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਲਈ 4000 ਰੁਪਏ ਪ੍ਰਤੀ ਮਹੀਨਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਜਿਨ੍ਹਾਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਭਵਿੱਖ ਦੇ ਸੁਪਨੇ ਪੂਰੇ ਕਰਨ ਲਈ ਪੈਸੇ ਦੀ ਲੋੜ ਹੁੰਦੀ ਹੈ, ਉਨ੍ਹਾਂ ਦੀ ਵੀ ਮਦਦ ਕੀਤੀ ਜਾਵੇਗੀ। ਇਸ ਦੇ ਲਈ 18 ਸਾਲ ਤੋਂ 23 ਸਾਲ ਤੱਕ ਦੇ ਨੌਜਵਾਨਾਂ ਨੂੰ ਵਜੀਫਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜਦੋਂ ਬੱਚੇ 23 ਸਾਲ ਦੇ ਹੋਣਗੇ ਤਾਂ ਉਨ੍ਹਾਂ ਨੂੰ ਇਕ ਵਾਰ 'ਚ 10 ਲੱਖ ਰੁਪਏ ਦਿੱਤੇ ਜਾਣਗੇ।

5 ਲੱਖ ਤੱਕ ਦਾ ਮੁਫਤ ਇਲਾਜ - PM ਮੋਦੀ
ਸਿਹਤ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਬਿਮਾਰੀ ਕਿਸੇ ਨੂੰ ਵੀ ਕਿਸੇ ਵੀ ਸਮੇਂ ਫੜ ਸਕਦੀ ਹੈ। ਜੇਕਰ ਕਿਸੇ ਬੱਚੇ ਨੂੰ ਅਜਿਹੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਨੂੰ ਪੈਸੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਪੀਐੱਮ ਕੇਅਰ ਫੰਡ ਰਾਹੀਂ ਆਯੁਸ਼ਮਾਨ ਹੈਲਥ ਕਾਰਡ ਵੀ ਦਿੱਤਾ ਜਾਵੇਗਾ, ਜਿਸ ਦੀ ਮਦਦ ਨਾਲ 5 ਲੱਖ ਤੱਕ ਦਾ ਇਲਾਜ ਮੁਫਤ ਹੋਵੇਗਾ। ਪੀਐਮ ਮੋਦੀ ਨੇ ਕਿਹਾ ਕਿ ਬੱਚਿਆਂ ਨੂੰ ਭਾਵਨਾਤਮਕ ਸਹਾਇਤਾ ਅਤੇ ਮਾਨਸਿਕ ਸਹਾਇਤਾ ਲਈ ਇੱਕ ਵਿਸ਼ੇਸ਼ ਸੰਵਾਦ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਇਸ ਰਾਹੀਂ ਬੱਚੇ ਸੰਪਰਕ ਹੈਲਪਲਾਈਨ ਨੰਬਰ ਤੋਂ ਮਾਹਿਰਾਂ ਨਾਲ ਗੱਲ ਕਰ ਸਕਦੇ ਹਨ।