ਗਾਜ਼ੀਪੁਰ ਬਾਰਡਰ: ਕਿਸਾਨ ਲੀਡਰਾਂ ਨੇ ਅੱਜ ਗਾਜ਼ੀਪੁਰ ਬਾਰਡਰ 'ਤੇ ਪ੍ਰੈਸ ਕਾਨਫੰਰਸ ਕੀਤੀ। ਇਸ ਦੌਰਾਨ ਰਾਜੇਵਾਲ ਨੇ ਕਿਹਾ ਹੈ ਕਿ ਅਸੀਂ ਸਰਕਾਰ ਨੂੰ ਕ੍ਰੋਸ ਬਹਿਸ ਦੌਰਾਨ ਕਈ ਵਾਰ ਦੱਸ ਚੁਕੇ ਹਾਂ ਕਿ ਇਨ੍ਹਾਂ ਕਾਨੂੰਨਾਂ 'ਚ ਜੋ ਕਿਸਾਨਾਂ ਨੂੰ ਗਲਤ ਲਗਿਆ ਹੈ ਉਹ ਸਭ ਮੀਟਿੰਗਾਂ 'ਚ ਸਰਕਾਰ ਨੂੰ ਦੱਸਿਆ ਹੈ। ਹੁਣ ਸਰਕਾਰ ਵਾਰ ਵਾਰ ਝੂਠ ਬੋਲ ਰਹੀ ਹੈ। ਪੀਐਮ ਆਪਣੇ ਮੂੰਹ ਤੋਂ ਇਕ ਸ਼ਬਦ ਵੀ ਬੋਲਦੇ ਹਨ ਤਾਂ ਦੁਨੀਆ ਦੇ ਲੋਕ ਉਸ 'ਤੇ ਨਾਪ ਤੋਲ ਕਰਕੇ ਵਿਸ਼ਲੈਸ਼ਨ ਕਰਦੇ ਹਨ। ਪੀਐਮ ਨੇ ਕਿਸਾਨਾਂ ਨੂੰ ਅੰਦੋਲਨਜੀਵੀ ਅਤੇ  ਪਰਜੀਵੀ ਕਿਹਾ ਹੈ। 


 


ਉਨ੍ਹਾਂ ਕਿਹਾ ਪੀਐਮ ਮੋਦੀ ਨੇ ਸਾਨੂੰ ਅਸਿੱਧੇ ਤੌਰ 'ਤੇ ਗਾਲ ਕੱਢੀ ਹੈ। ਇਸ ਦੀ ਸਜ਼ਾ ਅਸੀਂ ਆਉਣ ਵਾਲੇ ਸਮੇਂ 'ਚ ਦੇਵਾਂਗੇ। ਇਹ ਅੰਦੋਲਨ ਹੁਣ ਘਰ ਘਰ ਦਾ ਅੰਦੋਲਨ ਬਣ ਗਿਆ ਹੈ। ਬਲਬੀਰ ਰਾਜੇਵਾਲ, ਗੁਰਨਾਮ ਸਿੰਘ ਚਡੂਨੀ, ਦਰਸ਼ਨਪਾਲ ਅਤੇ ਰਾਕੇਸ਼ ਟਿਕੈਤ ਇਸ ਪ੍ਰੈਸ ਕਾਨਫਰੰਸ 'ਚ ਸ਼ਾਮਿਲ ਹੋਏ। ਇਸ ਦੌਰਾਨ ਰਾਕੇਸ਼ ਟਿਕੈਤ ਮੀਡੀਆ 'ਤੇ ਵਰ੍ਹੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ 'ਚ ਕਦੇ ਵੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਨਹੀਂ ਲੱਗੇ। 


 


ਟਿਕੈਤ ਨੇ ਕਿਹਾ ਕੁਝ ਮੀਡੀਆ ਅਦਾਰਿਆਂ ਵਲੋਂ ਝੂਠ ਛਾਪਿਆ ਜਾ ਰਿਹਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਅੰਦੋਲਨ ਬੰਦ ਨਹੀਂ ਹੋਵੇਗਾ ਫਸਲ ਦੀ ਕਟਾਈ ਦਾ ਸਮਾਂ ਵੀ ਆਉਂਦਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਦੇ ਪਿੰਡ-ਪਿੰਡ ਤੋਂ ਜਥੇ ਬਦਲੇ ਜਾਣਗੇ। ਪਰ ਅੰਦੋਲਨ ਬੰਦ ਨਹੀਂ ਹੋਵੇਗਾ। ਜੋ ਲੋਕ ਇਥੇ ਬੈਠਣਗੇ ਉਨ੍ਹਾਂ ਦੀ ਫਸਲ ਪਿੰਡ ਲੋਕ ਕਟਣਗੇ। ਉਨ੍ਹਾਂ ਦਾ ਕੰਮ ਪਿੰਡ ਦੇ ਲੋਕ ਕਰਨਗੇ। ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਪੀਐਮ ਮੋਦੀ ਨੇ ਸੰਸਦ 'ਚ ਸ਼ਹੀਦ ਹੋਏ ਕਿਸਾਨਾਂ 'ਤੇ ਇਕ ਸ਼ਬਦ ਵੀ ਨਹੀਂ ਬੋਲਿਆ।  ਗੁਰਨਾਮ ਚਡੂਨੀ ਨੇ ਮੰਗ ਕੀਤੀ ਹੈ ਕਿ ਨਵਰੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇ।