ਲੁਧਿਆਣਾ: ਐਸਟੀਐਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ ਦੌਰਾਨ ਦੋ ਵੱਖ-ਵੱਖ ਮਾਮਲਿਆਂ 'ਚ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕੋਲੋਂ 2 ਕਿੱਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 12 ਕਰੋੜ 20 ਲੱਖ ਰੁਪਏ ਦੱਸੀ ਜਾ ਰਹੀ ਹੈ।

 

ਪ੍ਰੈੱਸ ਕਾਨਫਰੰਸ ਦੌਰਾਨ ਐਸਟੀਐਫ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਲੋਧੀ ਕਲੱਬ ਨਜ਼ਦੀਕ ਬੀਆਰਐੱਸ ਨਗਰ ਦੇ ਰਹਿਣ ਵਾਲੇ ਪਿਓ-ਪੁੱਤ ਜਿਨ੍ਹਾਂ ਵਿੱਚ ਸਤੀਸ਼ ਕੁਮਾਰ ਉਰਫ਼ ਸਤੀ ਅਤੇ ਉਸ ਦਾ ਪੁੱਤਰ ਸੂਰਜ ਨੂੰ ਕਾਬੂ ਕਰਕੇ ਜਦੋਂ ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਚੋਂ 1 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਹੋਈ। 

 

ਉੱਥੇ ਹੀ ਇੱਕ ਦੂਜੇ ਮਾਮਲੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਜਦੋਂ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸਦੇ ਕਬਜ਼ੇ ਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਦੀ ਪਹਿਚਾਣ ਮੋਹਿਤ ਨਿਵਾਸੀ ਵਿਜੈ ਨਗਰ ਟਿੱਬਾ ਰੋਡ ਲੁਧਿਆਣਾ ਦੇ ਰੂਪ 'ਚ ਹੋਈ ਹੈ। ਇਨ੍ਹਾਂ ਦੋਵਾਂ ਹੀ ਮਾਮਲਿਆਂ ਵਿੱਚ ਕੁੱਲ 2 ਕਿਲੋ 200 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ। ਫੜੇ ਗਏ ਆਰੋਪੀ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦੇ ਗ਼ੈਰਕਾਨੂੰਨੀ ਕਾਰੋਬਾਰ ਦੇ ਵਿੱਚ ਲਿਪਤ ਸਨ। ਜਿਨ੍ਹਾਂ ਤੋਂ ਹੁਣ ਅੱਗੇ ਦੀ ਪੁੱਛਗਿੱਛ ਜਾਰੀ ਹੈ।