ਲਖਨਊ: ਯੂਪੀ ਦੇ ਹਾਥਰਸ ਜਾ ਰਹੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਕਾਫਲੇ ਰੋਕ ਦਿੱਤੇ ਗਏ ਹਨ। ਕਾਫਲੇ ਨੂੰ ਯਮੁਨਾ ਐਕਸਪ੍ਰੈਸ ਵੇਅ 'ਤੇ ਰੋਕ ਦਿੱਤਾ ਗਿਆ। ਰਾਹੁਲ-ਪ੍ਰਿਯੰਕਾ ਨੂੰ ਬੈਰੀਕੇਡ ਦੇ ਸਾਹਮਣੇ ਰੋਕਿਆ ਗਿਆ, ਜਦਕਿ ਹੋਰ ਨੇਤਾਵਾਂ ਨੂੰ ਬੈਰੀਕੇਡ ਦੇ ਪਿੱਛੇ ਰੋਕਿਆ ਗਿਆ। ਇਸ ਤੋਂ ਬਾਅਦ ਦੋਵੇਂ ਆਗੂ ਕਾਰ ਤੋਂ ਹੇਠਾਂ ਉਤਰ ਕੇ ਤੁਰਨ ਲੱਗੇ। ਕਈ ਹੋਰ ਕਾਂਗਰਸੀ ਆਗੂ ਉਨ੍ਹਾਂ ਨਾਲ ਪੈਦਲ ਯਾਤਰਾ ਕਰ ਰਹੇ ਹਨ। ਇਸ ਦੌਰਾਨ ਯੂਪੀ ਪੁਲਿਸ ਨੇ ਰਾਹੁਲ ਗਾਂਧੀ ਦੇ ਨਾਲ ਧੱਕਾ-ਮੁੱਕੀ ਕੀਤੀ। ਰਾਹੁਲ ਗਾਂਧੀ ਜ਼ਮੀਨ 'ਤੇ ਡਿੱਗ ਪਏ।  ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ 'ਚ ਹਾਥਰਸ ਜ਼ਰੂਰ ਜਾਣਗੇ।



ਦੱਸ ਦੇਈਏ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੂਹਿਕ ਬਲਾਤਕਾਰ ਪੀੜਤ ਦੇ ਪਰਿਵਾਰ ਨੂੰ ਮਿਲਣ ਹਾਥਰਸ ਜਾ ਰਹੇ ਹਨ। ਦਿੱਲੀ ਤੋਂ ਦੋਵੇਂ ਆਗੂ ਇਕੋ ਗੱਡੀ 'ਚ ਸਵਾਰ ਸੀ। ਉਨ੍ਹਾਂ ਦੇ ਨਾਲ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਤੇ ਹੋਰ ਕਈ ਆਗੂ ਵੀ ਹਾਥਰਸ ਲਈ ਰਵਾਨਾ ਹੋਏ ਹਨ।

ਦਰਅਸਲ, ਸਮੂਹਿਕ ਜਬਰ ਜਨਾਹ ਤੇ ਬਦਸਲੂਕੀ ਦਾ ਸ਼ਿਕਾਰ ਹੋਈ ਪੀੜਤ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਰਾਤ ਦੇ ਹਨੇਰੇ ਵਿੱਚ ਪਰਿਵਾਰ ਦੀ ਮੌਜੂਦਗੀ ਤੋਂ ਬਿਨਾਂ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ, ਜਿਸ ਨੂੰ ਲੈ ਕੇ ਦੇਸ਼ ਭਰ 'ਚ ਗੁੱਸਾ ਹੈ। ਉਥੇ ਹੀ ਕਾਂਗਰਸੀ ਵਰਕਰ ਸੜਕਾਂ 'ਤੇ ਉਤਰ ਆਏ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ