Crime News: ਹਰਿਆਣਾ ਦੇ ਪਲਵਲ ਜ਼ਿਲ੍ਹੇ 'ਚ ਪੁਲਿਸ ਵਾਲਿਆਂ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਮਾਮਲਾ ਹਸਨਪੁਰ ਦੇ ਡਰਾਨਾ ਇਲਾਕੇ ਦਾ ਹੈ। ਇੱਥੇ ਲੜਾਈ-ਝਗੜੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਤੋਂ ਰਿਮਾਂਡ ਮਗਰੋਂ ਥਾਣੇ ਲਿਜਾਂਦੇ ਸਮੇਂ ਪੁਲਿਸ ਨੇ ਉਨ੍ਹਾਂ ਕੋਲੋਂ ਸ਼ਰਾਬ ਮੰਗਵਾ ਕੇ ਉਨ੍ਹਾਂ ਦੇ ਨਾਲ ਬੈਠਕੇ ਹੀ ਪੈੱਗ ਲਾਏ। 


ਸ਼ਿਕਾਇਤ ਮਿਲਦੇ ਹੀ ਐਸਪੀ ਚੰਦਰਮੋਹਨ ਨੇ ਹਸਨਪੁਰ ਥਾਣੇ ਦੇ ਐਸਐਚਓ ਤੇ ਜਾਂਚ ਅਧਿਕਾਰੀ ਨੂੰ ਲਾਈਨਹਾਜ਼ਰ ਕਰਕੇ ਜਾਂਚ ਡੀਐਸਪੀ ਨੂੰ ਸੌਂਪ ਦਿੱਤੀ। ਪੁਲਿਸ ਮੁਲਾਜ਼ਮ ਮੁਲਜ਼ਮਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਗੱਡੀ ਵਿੱਚ ਹਸਨਪੁਰ ਲੈ ਗਏ। ਥਾਣੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਦੇ ਠੇਕੇ 'ਤੇ ਗੱਡੀ ਰੋਕ ਕੇ ਸ਼ਰਾਬ ਮੰਗਵਾਈ ਅਤੇ ਪੈੱਗ ਲਾਉਣ ਲੱਗੇ। ਦੂਜੀ ਧਿਰ ਨੇ ਵੀਡੀਓ ਬਣਾ ਕੇ ਐਸਪੀ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ।


ਦੱਸ ਦੇਈਏ ਕਿ ਬੀਤੀ 16 ਜੂਨ ਨੂੰ ਪਿੰਡ ਡਰਾਨਾ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਬੀਰ ਤੰਵਰ ਤੇ ਉਸਦੇ ਪਰਿਵਾਰਕ ਮੈਂਬਰਾਂ ’ਤੇ ਪਿੰਡ ਦੇ ਨਰੇਸ਼ ਉਰਫ਼ ਗੁੱਲੂ ਅਤੇ ਰੋਹਿਤ, ਰਤਨ ਸਿੰਘ, ਅਜੈ, ਨੰਦ ਕਿਸ਼ੋਰ ਉਰਫ਼ ਨੰਦਾ ਭਗਤ ਸਿੰਘ, ਸਤੀਸ਼ ਉਰਫ਼ ਸੱਤੋ, ਵਿਨੋਦ, ਨੀਰੂ ਆਦਿ ਨੇ ਖੇਤਾਂ ਵਿੱਚ ਸਿੰਚਾਈ ਕਰਨ ਵਾਲੇ ਪਾਇਨਾਂ ਨੂੰ ਤੋੜਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ।


ਮੁਲਜ਼ਮਾਂ ਨੇ ਬਾਰ ਪ੍ਰਧਾਨ ਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਗੋਲੀਆਂ ਚਲਾ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਕਾਰਵਾਈ ਨਾ ਹੋਣ ਤੋਂ ਨਾਰਾਜ਼ ਵਕੀਲਾਂ ਨੇ 1 ਜੁਲਾਈ ਤੋਂ ਬਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਹੜਤਾਲ ਸ਼ੁਰੂ ਕਰ ਦਿੱਤੀ ਸੀ। ਬਾਅਦ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੀ ਹੜਤਾਲ ਵਿੱਚ ਸ਼ਾਮਲ ਹੋ ਗਈ। ਦਸ ਦਿਨਾਂ ਦੀ ਹੜਤਾਲ ਤੋਂ ਬਾਅਦ ਐਸਪੀ ਦੇ ਭਰੋਸੇ ’ਤੇ ਵਕੀਲਾਂ ਨੇ ਹੜਤਾਲ ਖ਼ਤਮ ਕੀਤੀ।


ਇਸ ਦੌਰਾਨ ਥਾਣਾ ਹਸਨਪੁਰ ਦੀ ਪੁਲਿਸ ਨੇ ਮੁਲਜ਼ਮ ਨਰੇਸ਼ ਉਰਫ਼ ਗੁੱਲੂ ਅਤੇ ਨੰਦਕਿਸ਼ੋਰ ਉਰਫ਼ ਨੰਦਾ ਨੂੰ ਗ੍ਰਿਫ਼ਤਾਰ ਕਰ ਲਿਆ। ਐਤਵਾਰ ਨੂੰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਗਿਆ। ਹੁਣ ਜਦੋਂ ਸ਼ਰਾਬ ਮੰਗਵਾਉਣ ਦਾ ਮਾਮਲਾ ਸਾਹਮਣੇ ਆਇਆ ਤਾਂ ਐਸਪੀ ਨੇ ਥਾਣਾ ਇੰਚਾਰਜ ਅਜੀਤ ਨਗਰ ਅਤੇ ਸਬ-ਇੰਸਪੈਕਟਰ ਰਾਮਾਨੰਦ ਨੂੰ ਲਾਈਨ ਹਾਜ਼ਰ ਕਰਕੇ ਮਾਮਸੇ ਦੀ ਜਾਂਚ ਡੀਐਸਪੀ ਵਿਸ਼ਾਲ ਨੂੰ ਸੌਂਪ ਦਿੱਤੀ ਹੈ।