ਨਵੀਂ ਦਿੱਲੀ: ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ (BJP MP Varun Gandhi)  ਨੇ ਅੱਜ ਦੋਸ਼ ਲਾਇਆ ਕਿ ਰਾਸ਼ਨ ਕਾਰਡਧਾਰਕਾਂ ਨੂੰ ਤਿਰੰਗਾ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲਣੀ ਸ਼ਰਮਨਾਕ ਹੈ। ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਾਸ਼ਨ ਕਾਰਡਧਾਰਕਾਂ ਤੋਂ ਤਿਰੰਗੇ ਲਈ 20-20 ਰੁਪਏ ਵਸੂਲੇ ਜਾ ਰਹੇ ਹਨ। 


 






 


ਪੀਲੀਭੀਤ ਤੋਂ ਲੋਕ ਸਭਾ ਮੈਂਬਰ ਗਾਂਧੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ, ‘ਇਹ ਮੰਦਭਾਗਾ ਹੋਵੇਗਾ ਜੇਕਰ 75ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਗਰੀਬਾਂ 'ਤੇ ਬੋਝ ਬਣ ਜਾਂਦਾ ਹੈ। ਰਾਸ਼ਨ ਕਾਰਡਧਾਰਕਾਂ ਨੂੰ ਜਾਂ ਤਾਂ ਤਿਰੰਗਾ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਾਂ ਬਦਲੇ ਵਿੱਚ ਉਨ੍ਹਾਂ ਦੇ ਰਾਸ਼ਨ ਦੇ ਹਿੱਸੇ ਦੀ ਕਟੌਤੀ ਕੀਤੀ ਜਾ ਰਹੀ ਹੈ। ਹਰ ਭਾਰਤੀ ਦੇ ਦਿਲ 'ਚ ਵਸੇ ਤਿਰੰਗੇ ਦੀ ਕੀਮਤ ਗੁਰੀਬ ਦੀ ਬੁਰਕੀ ਖੋਹ ਕੇ ਵਸੂਲਣੀ ਸ਼ਰਮਨਾਕ ਹੈ।’ 


ਇਸ ਵੀਡੀਓ 'ਚ ਕੁਝ ਰਾਸ਼ਨ ਕਾਰਡਧਾਰਕ ਸ਼ਿਕਾਇਤ ਕਰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਤਿਰੰਗਾ 20 ਰੁਪਏ ’ਚ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਮੋਦੀ ਸਰਕਾਰ ਨੇ ਹਰ ਘਰ ਤਿੰਰਗਾ ਮੁਹਿੰਮ ਚਲਾਈ ਹੋਈ ਹੈ। ਇਸ ਤਹਿਤ ਅਫਸਰਾਂ ਨੂੰ ਵੀ ਆਦੇਸ਼ ਦਿੱਤੇ ਜਾ ਰਹੇ ਹਨ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ। ਕਈ ਥਾਵਾਂ ਉੱਪਰ ਰਾਜ ਸਰਕਾਰਾਂ ਤੇ ਸੰਸਥਾਵਾਂ ਵੱਲੋਂ ਵੀ ਆਰਡਰ ਜਾਰੀ ਕੀਤੇ ਜਾ ਰਹੇ ਹਨ।