ਕੱਥੂਨੰਗਲ: ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਨਵੇਂ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਸਾਰੀਆਂ ਤਾਕਤਾਂ ਤੇ ਕੰਮ ਖਤਮ ਕਰ ਦਿੱਤੇ ਹਨ। ਇਸ ਲਈ ਜਾਖੜ ਤੁਰੰਤ ਕੇਰਲਾ ਲਈ ਰਵਾਨਾ ਹੋਣ ਤੇ ਉੱਥੇ ਜਾ ਕੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਸੌਂਪ ਦੇਣ।

 

ਮੁੱਖ ਮੰਤਰੀ ਦੇ ਨਵੇਂ ਸਲਾਹਕਾਰ ਵੱਲੋਂ ਪਹਿਲੀ ਵਾਰ ਚੁਣੇ ਗਏ 37 ਵਿਧਾਇਕਾਂ ਨਾਲ ਮੀਟਿੰਗ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਿਉਂਕਿ ਪ੍ਰਸ਼ਾਂਤ ਕਿਸ਼ਰ ਨੇ ਸੁਨੀਲ ਜਾਖੜ ਦੀ ਭੂਮਿਕਾ ਹੀ ਖਤਮ ਕਰ ਦਿੱਤੀ ਤਾਂ ਉਹ ਵਿਹਲੇ ਹੋ ਗਏ ਹਨ। ਇਸ ਲਈ ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਪੰਜਾਬ ਪ੍ਰਦੇਸ਼ ਕਾਰਪੋਰੇਟ ਕਮੇਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਂਤ ਕਿਸ਼ੋਰ ਨੇ 200 ਲੋਕ ਤਾਇਨਾਤ ਕਰ ਦਿੱਤੇ ਹਨ ਤੇ ਵਿਧਾਇਕਾਂ ਨੂੰ ਸਿੱਧਾ ਉਨ੍ਹਾਂ ਨਾਲ ਰਾਬਤਾ ਰੱਖਣ ਵਾਸਤੇ ਆਖਿਆ ਹੈ।

 

ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਹੁਣ ਜਾਖੜ ਕੋਲ ਪਾਰਟੀ ਵਿੱਚ ਅਦਾ ਕਰਨ ਵਾਸਤੇ ਭੂਮਿਕਾ ਹੀ ਨਹੀਂ ਰਹੀ ਤਾਂ ਉਨ੍ਹਾਂ ਨੂੰ ਤੁਰੰਤ ਰਾਹੁਲ ਗਾਂਧੀ ਕੋਲ ਪੁੱਜ ਕੇ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਵੇਂ ਪੀਕੇ, ਟੀਕੇ ਜਾਂ ਜੀਕੇ ਵਿੱਚ ਵਿਸ਼ਵਾਸ ਰੱਖਣ ਪਰ ਉਹ ਇਸ ਸੱਚਾਈ ਤੋਂ ਭੱਜ ਨਹੀਂ ਸਕਦੇ ਕਿ ਉਨ੍ਹਾਂ ਪਵਿੱਤਰ ਗੁਟਕਾ ਸਾਹਿਬ ਤੇ ਸਰਬੰਸ ਦਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਝੂਠੀ ਸਹੁੰ ਚੁੱਕੀ ਸੀ।

 

ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਆਪਣੇ ਹਲਕੇ ਦੇ ਅਪਾਹਜ਼ ਵਿਅਕਤੀਆਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਅਤਿ ਆਧੁਨਿਕ 20 ਵ੍ਹੀਲ ਚੇਅਰਾਂ ਵੰਡਣ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਜਲਦ ਹੀ 20 ਹੋਰ ਵ੍ਹੀਲ ਚੇਅਰਾਂ ਜ਼ਰੂਰਤਮੰਦਾਂ ਨੂੰ ਵੰਡੀਆਂ ਜਾਣਗੀਆਂ।