ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਆਪਣਾ ਕੋਰੋਨਾ ਟੈਸਟ ਕਰਵਾਉਣਗੇ। ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਉਸਨੇ ਇਹ ਫੈਸਲਾ ਭਾਜਪਾ ਦੇ ਸੰਸਦ ਮੈਂਬਰ ਦੁਸ਼ਯੰਤ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਲਿਆ ਹੈ। ਦੁਸ਼ਯੰਤ ਸਿੰਘ ਕੋਰੋਨਾ ਤੋਂ ਪ੍ਰਭਾਵਿਤ ਗਾਇਕਾ ਕਨਿਕਾ ਕਪੂਰ ਵੱਲੋਂ ਦਿੱਤੀ ਗਈ ਪਾਰਟੀ ਵਿੱਚ ਸ਼ਾਮਲ ਹੋਏ ਸੀ। ਦੁਸ਼ਯੰਤ ਸਿੰਘ, ਸਿੰਗਰ ਕਨਿਕਾ ਨਾਲ ਮੁਲਾਕਾਤ ਤੋਂ ਬਾਅਦ ਰਾਸ਼ਟਰਪਤੀ ਨੂੰ ਮਿਲੇ। ਰਾਸ਼ਟਰਪਤੀ ਭਵਨ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਪਾਲਣਾ ਕਰਨਗੇ।


ਰਾਸ਼ਟਰਪਤੀ ਨੇ ਅਗਲੇ ਹੁਕਮਾਂ ਤੱਕ ਉਸਦੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਵੀ ਕਰ ਦਿੱਤਾ ਹੈ। ਇਸ ਦੌਰਾਨ, ਸੰਸਦ ਮੈਂਬਰ ਅਤੇ ਹੋਰ ਲੋਕ ਜੋ ਦੁਸ਼ਯੰਤ ਸਿੰਘ ਦੇ ਨਾਲ ਕਿਸੇ ਨਾ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ, ਉਹ ਵੀ ਆਪਣੇ ਆਪ ਨੂੰ ਅਲੱਗ ਕਰ ਰਹੇ ਹਨ। ਅਹਿਮ ਗੱਲ ਇਹ ਹੈ ਕਿ ਬੀਜੇਪੀ ਸੰਸਦ ਦੁਸ਼ਯੰਤ ਸਿੰਘ ਆਪਣੀ ਮਾਂ ਅਤੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨਾਲ ਐਤਵਾਰ ਨੂੰ ਲਖਨਉ ਵਿੱਚ ਕਨਿਕਾ ਕਪੂਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੀ।

ਕਨਿਕਾ ਦੇ ਕੋਰੋਨਾਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਲਈ, ਜਿਨ੍ਹਾਂ ਲੋਕਾਂ ਨਾਲ ਕਨਿਕਾ ਨੇ ਮੁਲਾਕਾਤ ਕੀਤੀ ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਏਗੀ। ਯੂਪੀ ਸਰਕਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਕਨਿਕਾ ਖਿਲਾਫ ਸੰਵੇਦਨਸ਼ੀਲ ਜਾਣਕਾਰੀ ਲੁਕਾਉਣ ਲਈ ਕਾਰਵਾਈ ਕੀਤੀ ਜਾਵੇਗੀ।