ਫਿ਼ਰੋਜ਼ਪੁਰ: ਕੋਰੋਨਾਵਾਇਰਸ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਆਪਣੀਆਂ ਜੇਲ੍ਹਾਂ ਚੋਂ ਛੋਟੇ ਅਪਰਾਧ ਅਤੇ ਸੱਤ ਸਾਲ ਤੋਂ ਘੱਟ ਦੀ ਸਜ਼ਾ ਵਾਲੇ ਮੁਜ਼ਰਮਾਂ ਨੂੰ ਰਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਅੱਜ ਕੇਂਦਰੀ ਜੇਲ੍ਹ ਫਿ਼ਰੋਜ਼ਪੁਰ ਵੱਲੋਂ ਕਾਗਜ਼ੀ ਕਾਰਵਾਈ ਉਪਰੰਤ 64 ਕੈਦੀਆਂ ਨੂੰ ਫਾਰਗ ਕੀਤਾ ਗਿਆ, ਜਿਨ੍ਹਾਂ ‘ਚ ਔਰਤਾਂ ਵੀ ਸ਼ਾਮਿਲ ਸੀ।


ਜੇਲ੍ਹ ਤੋਂ ਰਿਹਾਅ ਕੀਤੇ ਜਾ ਰਹੇ ਕੈਦੀਆਂ ਤੇ ਹਵਾਲਾਤੀਆਂ ਦੀ ਗੱਲ ਕਰਦਿਆਂ ਜੇਲ੍ਹ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਇਹ ਛੁੱਟੀ 4 ਹਫਤਿਆਂ ਦੀ ਹੋਵੇਗੀ। ਬੇਸ਼ੱਕ ਇਹ ਫੈਸਲਾ ਸੂਬਾ ਸਰਕਾਰ ਵੱਲੋਂ ਕਰੋਨਾ ਵਾਈਰਸ ਨੂੰ ਲੈ ਕੇ ਕੀਤਾ ਗਿਆ, ਪ੍ਰੰਤੂ ਇਸ ਨਾਲ ਜਿੱਥੇ ਜੇਲ੍ਹਾਂ ‘ਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਘਰਾਂ ‘ਚ ਜਾਣ ਦਾ ਮੌਕਾ ਮਿਲਿਆ, ਉੱਥੇ ਆਪਣੇ ਮੈਂਬਰਾਂ ਦੇ ਘਰ ਆਉਣ ਦੀ ਸੂਹ ਮਿਲਦਿਆਂ ਲੋਕ ਵੱਡੀ ਤਦਾਦ ‘ਚ ਜੇਲ੍ਹੋਂ ਚੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈਣ ਆਏ।

ਕੇਂਦਰੀ ਜੇਲ੍ਹ ਫਿ਼ਰੋਜ਼ਪੁਰ ਦੇ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਅਗਲੀ ਲਿਸਟ ਵਿਚ 125 ਹੋਰ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ 7 ਸਾਲ ਤੋਂ ਘੱਟ ਸਜ਼ਾ ਹੈ ਤੇ ਇਹ ਕੈਦੀ ਤੇ ਹਵਾਲਾਤੀ 4 ਹਫਤਿਆਂ ਦੀ ਪੈਰੋਲ `ਤੇ ਰਿਹਾਅ ਕੀਤੇ ਗਏ ਹਨ, ਜੋ 4 ਹਫਤਿਆਂ ਬਾਅਦ ਜੇਲ੍ਹ ‘ਚ ਰਿਪੋਰਟ ਕਰਨਗੇ।

ਇਸ ਦੇ ਨਾਲ ਹੀ ਰਿਹਾਅ ਹੋ ਰਹੇ ਕੈਦੀਆਂ ਨੇ ਜਿੱਥੇ ਆਪਣੀ ਰਿਹਾਈ `ਤੇ ਖੁਸ਼ੀ ਜ਼ਾਹਿਰ ਕੀਤੀ, ਉੱਥੇ ਅਜਿਹੇ ਮਾੜੇ ਹਾਲਾਤਾਂ ਦੌਰਾਨ ਆਪਣੇ ਪਰਿਵਾਰ ‘ਚ ਰਹਿ ਕੇ ਪਰਿਵਾਰ ਦੀ ਰੱਖਿਆ ਕਰਨ ਦੇ ਸਮਰਥ ਹੋਣ ਦੀ ਗੱਲ ਕੀਤੀ।

ਇਸ ਦੇ ਨਾਲ ਹੀ ਬਰਨਾਲਾ ਸਬ ਜੇਲ੍ਹ ਚੋਂ 39 ਕੈਦੀ ਰਿਹਾ ਕੀਤੇ ਗਏ ਹਨ, ਜਿਨ੍ਹਾਂ ਚੋਂ 26 ਕੈਦੀ ਬਰਨਾਲਾ ਜ਼ਿਲ੍ਹੇ ਦੇ ਬਾਹਰ ਦੇ ਹਨ ਅਤੇ ਸਾਰੇ ਕੈਦੀਆਂ ਨੂੰ ਖ਼ੁਦ ਬਰਨਾਲਾ ਪੁਲਿਸ ਘਰ ਛੱਡਕੇ ਆਈ।