ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਵੀਰਵਾਰ ਤੱਕ ਲਈ ਮੁਲਤਵੀ ਕੀਤੀ ਗਈ ਹੈ। ਹੁਣ 11 ਨਵੰਬਰ ਨੂੰ ਸਦਨ ਦੀ ਅਗਲੀ ਕਾਰਵਾਈ ਹੋਏਗੀ। ਅੱਜ ਸਿਰਫ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮਗਰੋਂ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ।


ਦੱਸ ਦਈਏ ਕਿ 15ਵੀਂ ਪੰਜਾਬ ਵਿਧਾਨ ਸਭਾ ਦਾ 16ਵਾਂ ਇਜਲਾਸ ਅੱਜ ਸ਼ੁਰੂ ਹੋਇਆ। ਇਸ ਸੈਸ਼ਨ ਮੌਜੂਦਾ ਕਾਂਗਰਸ ਸਰਕਾਰ ਦਾ ਆਖਰੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦਾ ਪਹਿਲਾ ਹੈ। ਪਹਿਲਾਂ ਸੈਸ਼ਨ ਇੱਕ ਦਿਨ ਦਾ ਬੁਲਾਇਆ ਗਿਆ ਸੀ ਪਰ ਵਿਰੋਧੀ ਧਿਰਾਂ ਤਰਫ਼ੋਂ ਇਜਲਾਸ ਛੋਟਾ ਹੋਣ ’ਤੇ ਸੁਆਲ ਖੜ੍ਹੇ ਕੀਤੇ ਗਏ ਸਨ ਜਿਸ ਕਰਕੇ ਹੁਣ ਇਹ ਵਿਸ਼ੇਸ਼ ਇਜਲਾਸ ਦੋ ਦਿਨ ਚੱਲੇਗਾ।


ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਇੱਕ ਦਿਨ ਹੋਰ ਵਧਾ ਕੇ 11 ਨਵੰਬਰ (ਵੀਰਵਾਰ) ਨੂੰ ਵੀ ਕਰਵਾਉਣ ਦਾ ਫੈਸਲਾ ਕੀਤਾ ਸੀ। ਇਹ ਇਜਲਾਸ ਅੱਜ ਸ਼ੁਰੂ ਹੋਇਆ ਤੇ 11 ਨਵੰਬਰ ਨੂੰ ਸਮਾਪਤ ਹੋਵੇਗਾ। ਅੱਜ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਹੁਣ 9 ਤੇ 10 ਨਵੰਬਰ ਦੀ ਛੁੱਟੀ ਹੋਵੇਗੀ ਜਦੋਂਕਿ 11 ਨਵੰਬਰ ਨੂੰ ਇਜਲਾਸ ਵਿੱਚ ਕੇਂਦਰ ਸਰਕਾਰ ਵੱਲੋਂ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਕੀਤੇ ਵਾਧੇ ਦਾ ਵਿਰੋਧ ਕੀਤਾ ਜਾਵੇਗਾ ਤੇ ਵਿਧਾਨਕ ਕੰਮਕਾਜ ਹੋਵੇਗਾ।


ਉਧਰ, ਕੇਂਦਰੀ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕਰਨ ਲਈ ਮਤੇ ਪੇਸ਼ ਹੋਣ ਦੀ ਸੰਭਾਵਨਾ ਹੈ। ਅਗਲੀਆਂ ਚੋਣਾਂ ਦੇ ਮੱਦੇਨਜ਼ਰ ਕਈ ਅਹਿਮ ਬਿੱਲ ਇਸ ਸੈਸ਼ਨ ਵਿੱਚ ਆਉਣੇ ਹਨ। ਵਿਸ਼ੇਸ਼ ਇਜਲਾਸ ‘ਚ ਬਿਜਲੀ ਸਮਝੌਤੇ ਰੱਦ ਕਰਨ ਤੇ ਮਹਿੰਗੀ ਬਿਜਲੀ ਬਾਰੇ ਵਾਈਟ ਪੇਪਰ ਆਉਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੱਲੋਂ ਇਸ ਬਾਰੇ ਤਿਆਰੀ ਖਿੱਚੀ ਹੋਈ ਹੈ।


ਵਾਈਟ ਪੇਪਰ ‘ਤੇ ਵਿਸ਼ੇਸ਼ ਨਜ਼ਰ ਰਹੇਗੀ ਕਿਉਂਕਿ ਵਿਰੋਧੀ ਧਿਰਾਂ ਨੂੰ ਖਦਸ਼ਾ ਹੈ ਕਿ ਵਾਈਟ ਪੇਪਰ ਸਿਰਫ਼ ਅੱਖਾਂ ਪੂੰਝਣ ਵਾਲੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਬਿਜਲੀ ਸਮਝੌਤਿਆਂ ਵਿੱਚ ਸਿਆਸੀ ਲੋਕਾਂ ਦੇ ਨਾਲ ਅਫ਼ਸਰਸ਼ਾਹੀ ਦੀ ਘੇਰਾਬੰਦੀ ਵੀ ਹੋ ਜਾਣੀ ਹੈ।