ਚੰਡੀਗੜ੍ਹ: ਕਾਂਗਰਸ ਦੇ ਲੀਡਰ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਨੌਕਰੀ ਦੇਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਵਿਰੋਧੀਆਂ ਨੇ ਜਿਥੇ ਇਸ 'ਤੇ ਸਵਾਲ ਖੜੇ ਕੀਤੇ ਨੇ ਓਥੇ ਹੀ ਦੂਜੇ ਪਾਸੇ ਸਤਾ ਧਿਰ ਦੇ ਆਗੂ ਇਸ 'ਤੇ ਸਫਾਈ ਦੇ ਰਹੇ ਹਨ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਨੌਕਰੀ ਦਿੱਤੀ ਜਾ ਰਹੀ ਹੈ। ਉਹਦਰ 'ਆਪ' ਨੇ ਵੀ ਕਿਹਾ ਕਿ ਤਰਸ ਦੇ ਅਧਾਰ 'ਤੇ ਲੋੜਵੰਦ ਨੂੰ ਨੌਕਰੀ ਦੇਣੀ ਚਾਹੀਦੀ ਹੈ ਨਾ ਕੇ ਰੱਜੇ ਪੁਜਿਆਂ ਨੂੰ।  ਕਾਂਗਰਸ ਵਿਧਾਇਕ ਦਲ ਦੀ ਬੈਠਕ ਨੂੰ ਲੈਕੇ ਵੀ ਵਿਰੋਧੀਆਂ ਨੇ ਕਿਹਾ ਕਿ ਆਪਸੀ ਖਾਨਾਜੰਗੀ ਕਰਕੇ ਲੋਕਾਂ ਦਾ ਨੁਕਸਾਨ ਹੋ ਰਿਹਾ।
 
ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਪੁੱਛਿਆ ਕਿ ਕਾਂਗੜ ਦੇ ਜਵਾਈ ਨੂੰ ਨੌਕਰੀ ਕਿਸ ਅਧਾਰ 'ਤੇ ਦਿੱਤੀ ਗਈ? ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਾਫ ਕਿਹਾ ਕਿ ਤਰਸ ਦੇ ਅਧਾਰ 'ਤੇ ਨੌਕਰੀ ਸਿਰਫ ਲੋੜਵੰਦ ਨੂੰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਵਿਰੁੱਧ ਕਨੂੰਨੀ ਲੜਾਈ ਲੜੇਗੀ। ਉਨ੍ਹਾਂ ਅੱਜ ਦੇ ਬੈਠਕ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਅੱਜ ਦੀ ਬੈਠਕ ਦੱਸਦੀ ਹੈ ਕਿ ਕਾਂਗਰਸ 'ਚ ਸਭ ਕੁਝ ਠੀਕ ਨਹੀਂ ਹੈ, ਉਧਰ 'ਆਪ' ਦੇ ਬੁਲਾਰੇ ਇਹਬਾਬ ਗਰੇਵਾਲ ਨੇ ਕਿਹਾ ਕਾਂਗਰਸ ਆਪਣਿਆਂ ਨੂੰ ਨੌਕਰੀ ਦੇਣ 'ਚ ਲੱਗੀ ਹੋਈ ਹੈ, ਪਰ ਉਨ੍ਹਾਂ ਨੂੰ ਟੈਂਕੀਆਂ 'ਤੇ ਚੜੇ ਅਧਿਆਪਕ ਨਹੀਂ ਦਿਖਾਈ ਦੇ ਰਹੇ, ਬੇਰੋਜ਼ਗਾਰ ਨੌਜਵਾਨ ਨਹੀਂ ਵਿਖਾਈ ਦੇ ਰਹੇ ਹਨ।
 
ਉਧਰ ਦੂਜੇ ਪਾਸੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਅੱਜ ਦੀ ਬੈਠਕ ਆਮ ਬੈਠਕ ਹੈ। ਸਾਰਿਆਂ ਨੂੰ ਆਪਣੀ ਰਾਏ ਦੇਣੀ ਹੈ ਪਰ ਕਾਂਗਰਸ ਇਕਜੁੱਟ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਵਿਧਾਇਕਾਂ ਦੀ ਬੈਠਕ ਹੈ। ਉਨ੍ਹਾਂ ਕਾਂਗੜ ਦੇ ਜਵਾਈ ਨੂੰ ਨੌਕਰੀ ਦੇਣ ਦੇ ਮਾਮਲੇ 'ਤੇ ਕਿਹਾ ਕਿ ਇਸ ਨੂੰ ਬੇਵਜ੍ਹਾ ਮੁਦਾ ਬਣਾਇਆ ਜਾ ਰਿਹਾ। ਜੇਕਰ ਉਹ ਨੌਕਰੀ ਲਈ ਸਮਰੱਥਾ ਰੱਖਦੇ ਹਨ ਤਾਂ ਜਰੂਰ ਮਿਲਣੀ ਚਾਹੀਦੀ ਸੀ।