ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਲੜਾਈ ਦਿੱਲੀ ਦਰਬਾਰ ਤੱਕ ਪਹੁੰਚ ਗਈ ਹੈ। ਹਾਈਕਮਾਨ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਇਸ ਵਿੱਚ ਸਿੱਧਾ ਦਖਲ ਦਿੱਤਾ ਹੈ। ਮਸਲੇ ਦੇ ਹੱਲ ਦੀ ਜ਼ਿੰਮੇਵਾਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਸੌਂਪੀ ਹੈ। ਰਾਵਤ ਨੇ ਸਾਰੇ ਲੀਡਰਾਂ ਨਾਲ ਗੱਲਬਾਤ ਕਰਕੇ ਅਜੇ ਸ਼ਾਂਤ ਰਹਿਣ ਲਈ ਕਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨਾਲ ਫੋਨ 'ਤੇ ਗੱਲ ਕੀਤੀ ਹੈ।

 

ਦਰਅਸਲ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਚੱਲ ਰਹੇ ਕਾਂਗਰਸੀ ਲੀਡਰਾਂ ਦੀਆਂ ਮੀਟਿੰਗਾਂ ਤੇ ਬਿਆਨਬਾਜ਼ੀਆਂ ਤੋਂ ਹਾਈਕਮਾਨ ਪ੍ਰੇਸ਼ਾਨ ਹੋ ਗਈ ਹੈ। ਸਮੁੱਚੇ ਦੇਸ਼ ਵਿੱਚ ਹੋ ਰਹੀ ਨਮੋਸ਼ੀ ਤੋਂ ਕਾਂਗਰਸ ਪਾਰਟੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੁਣ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸੰਭਾਲੀ ਹੈ। ਬੁੱਧਵਾਰ ਨੂੰ ਕੈਪਟਨ ਵਿਰੋਧ ਲੀਡਰਾਂ ਦੀ ਮੀਟਿੰਗ ਹੋਣ ਦੀ ਖ਼ਬਰ ਜਿਵੇਂ ਹੀ ਫੈਲੀ, ਹਰੀਸ਼ ਰਾਵਤ ਫ਼ਰੰਟ ਮੋਰਚੇ ਉੱਤੇ ਆ ਗਏ।

 

ਪਤਾ ਲੱਗਾ ਹੈ ਕਿ ਹਰੀਸ਼ ਰਾਵਤ ਹਫ਼ਤੇ ਦੇ ਅਖੀਰ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਉਹ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਨਾਰਾਜ਼ ਆਗੂਆਂ ਨਾਲ ਵੀ ਮੀਟਿੰਗਾਂ ਕਰਨਗੇ। ਫਿਰ ਰਾਵਤ ਹਾਈਕਮਾਨ ਨੂੰ ਰਿਪੋਰਟ ਸੌਂਪਣਗੇ। ਇਸੇ ਰਿਪੋਰਟ ਦੇ ਆਧਾਰ ਉੱਤੇ ਹਾਈਕਮਾਨ ਪੰਜਾਬ ਕਾਂਗਰਸ ਲਈ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਅਗਲੇਰੀ ਰਣਨੀਤੀ ਤਿਆਰ ਕਰੇਗੀ।

 

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਮੁੱਦੇ ਉੱਤੇ ਉਨ੍ਹਾਂ ਦੀ ਅਤੇ ਹੋਰ ਆਗੂਆਂ ਦੀ ਹਰੀਸ਼ ਰਾਵਤ ਨਾਲ ਫ਼ੋਨ ’ਤੇ ਗੱਲ ਹੋਈ ਹੈ। ਉਨ੍ਹਾਂ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਛੇਤੀ ਹੀ ਇਹ ਮਾਮਲਾ ਹਾਈਕਮਾਨ ਤੱਕ ਪਹੁੰਚਾਉਣਗੇ ਤੇ ਮਸਲਾ ਸੁਲਝਾਇਆ ਜਾਵੇਗਾ। ਬਾਜਵਾ ਨੇ ਇਹ ਵੀ ਦੱਸਿਆ ਕਿ ਰਾਵਤ ਨੇ ਪ੍ਰਗਟ ਸਿੰਘ ਨੂੰ ਮੁੱਖ ਮੰਤਰੀ ਦਫ਼ਤਰ ਤੋਂ ਮਿਲੀ ਧਮਕੀ ਦੇ ਮਸਲੇ ਨੂੰ ਪਾਰਟੀ ਪਲੇਟਫ਼ਾਰਮ ਉੱਤੇ ਸੁਲਝਾਉਣ ਦੀ ਗੱਲ ਆਖੀ ਹੈ।

 

ਮੰਤਰੀਆਂ ਤੇ ਵਿਧਾਇਕਾਂ ਨਾਲ ਪਾਰਟੀ’ਚ ਚੱਲ ਰਹੇ ਦੁਰਵਿਹਾਰ ਤੇ ਵਿਜੀਲੈਂਸ ਬਿਊਰੋ ਰਾਹੀਂ ਕਾਰਵਾਈ ਦੀਆਂ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਬੁੱਧਵਾਰ ਨੂੰ ਨਾਰਾਜ਼ ਆਗੂਆਂ ਵੱਲੋਂ ਇੱਕ ਹੋਰ ਗੁਪਤ ਮੀਟਿੰਗ ਕੀਤੇ ਜਾਣ ਦੀ ਚਰਚਾ ਸੀ ਪਰ ਫਿਰ ਹਰੀਸ਼ ਰਾਵਤ ਦੇ ਦਖ਼ਲ ਤੋਂ ਬਾਅਦ ਉਹ ਮੀਟਿੰਗ ਟਾਲ ਦਿੱਤੀ ਗਈ।