ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਕਰਤਾਰਪੁਰ ਲਾਂਘੇ ਬਾਰੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।

ਇਸ ਮੌਕੇ ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਜਵਾਬ ਮੰਗਿਆ। ਉਨ੍ਹਾਂ ਕਿਹਾ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੁਪਤਾ 'ਤੇ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ। ਗੁਪਤਾ ਨੇ ਐਤਵਾਰ ਨੂੰ ਕਿਹਾ ਸੀ ਕਿ ਜੇ ਉਨ੍ਹਾਂ ਵੱਲੋਂ ਅਣਜਾਣੇ ਵਿੱਚ ਕੀਤੀ ਕਿਸੇ ਟਿੱਪਣੀ ਨੇ ਸੂਬੇ ਦੇ ਲੋਕਾਂ ਨੂੰ ਠੇਸ ਪਹੁੰਚਾਈ ਹੈ ਤਾਂ ਉਨ੍ਹਾਂ ਨੂੰ ‘ਸੱਚੇ ਦਿਲੋਂ ਅਫਸੋਸ’ ਹੈ।

'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਨੇ ਇੱਥੇ ਪੱਤਰਕਾਰਾਂ ਨਾਲ ਗੱਲ਼ਬਾਤ ਕਰਦਿਆਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਨੂੰ ਉਸ ਦੇ ਬਹੁਤ ਹੀ ਨਿੰਦਣਯੋਗ ਬਿਆਨ ਲਈ ਬਰਖਾਸਤ ਕਰੇ। ਉਸ ‘ਤੇ ਵੀ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ। ‘ਆਪ’ ਮੈਂਬਰਾਂ ਨੇ ਡੀਜੀਪੀ ਦੇ ਪੋਸਟਰ ਵੀ ਲਾਏ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸੇ ਦੌਰਾਨ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵੀ ਡੀਜੀਪੀ ਵੱਲੋਂ ਦਿੱਤੇ ਬਿਆਨ 'ਤੇ ਵਰ੍ਹੇ। ਮਜੀਠੀਆ ਨੇ ਕਿਹਾ, “ਅਸੀਂ ਜਾਣਨਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਡੀਜੀਪੀ ਦੇ ਇਸ ਬਿਆਨ 'ਤੇ ਚੁੱਪ ਕਿਉਂ ਹਨ... ਜਿਨ੍ਹਾਂ ਨੂੰ (ਡੀਜੀਪੀ) ਕਾਂਗਰਸ ਨੇ ਹੱਥੀਂ ਲਿਆ ਸੀ। ਅਸੀਂ ਉਨ੍ਹਾਂ ਤੋਂ ਜਵਾਬ ਮੰਗਦੇ ਹਾਂ।”

ਵਿਰੋਧੀ ਪਾਰਟੀਆਂ ਨੇ ਦਾਅਵਾ ਕੀਤਾ ਕਿ ਡੀਜੀਪੀ ਗੁਪਤਾ ਨੇ ਇੱਕ ਰਾਸ਼ਟਰੀ ਅਖ਼ਬਾਰ ਨੂੰ ਇੰਟਰਵਿਊ ਵਿੱਚ ਕਿਹਾ, “ਕਰਤਾਰਪੁਰ ਲਾਂਘਾ ਪੇਸ਼ ਕਰਦਾ ਹੈ ਕਿ ਤੁਸੀਂ ਸਵੇਰੇ ਕਿਸੇ ਨੂੰ ਆਮ ਸ਼ਰਧਾਲੂ ਦੇ ਤੌਰ 'ਤੇ ਭੇਜੋ ਤੇ ਸ਼ਾਮ ਤੱਕ ਉਹ ਇੱਕ ਸਿੱਖਿਅਤ ਅੱਤਵਾਦੀ ਵਜੋਂ ਵਾਪਸ ਆ ਜਾਵੇਗਾ। ਤੁਸੀਂ ਛੇ ਘੰਟੇ ਉੱਥੇ ਹੋ, ਤੁਹਾਨੂੰ ਫਾਇਰਿੰਗ ਰੇਂਜ 'ਤੇ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।"

ਡੀਜੀਪੀ ਨੇ ਕਥਿਤ ਤੌਰ ਇਹ ਵੀ ਕਿਹਾ ਸੀ ਕਿ ਗੁਆਂਢੀ ਦੇਸ਼ ਵਿਚਲੇ ਕੁਝ ਤੱਤ ਸ਼ਰਧਾਲੂਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਸੀ। ਗੁਪਤਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ “ਗ਼ਲਤਫ਼ਹਿਮੀ ਤੇ ਜਾਣਬੁੱਝ ਕੇ ਕੀਤੀ ਗਲਤੀ” ਦੱਸਿਆ ਜਾ ਰਹੀ ਹੈ ਕਿਉਂਕਿ ਉਸ ਦੀ ਟਿੱਪਣੀ ਪੰਜਾਬ ਤੇ ਭਾਰਤ ਦੀ ਸੁਰੱਖਿਆ ਨਾਲ ਸਬੰਧਤ ਹੈ।