Punjab Breaking News, 14 December 2021 LIVE Updates: ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਟੋਲ ਪਲਾਜ਼ਿਆਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇ ਟੋਲ ਪਲਾਜ਼ੇ ਦੀ ਦਰ ਵਿੱਚ ਵਾਧਾ ਕੀਤਾ ਗਿਆ ਤਾਂ ਉਹ ਮੁੜ ਸੰਘਰਸ਼ ਛੇੜ ਦੇਣਗੇ ਤੇ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ। ਟਿਕੈਤ ਨੇ ਇਹ ਚੇਤਾਵਨੀ ਕਿਸਾਨ ਅੰਦੋਲਨ ਕਰਕੇ ਸਾਲ ਭਰ ਬੰਦ ਰਹੇ ਟੋਲ ਪਲਾਜ਼ਿਆਂ ਵੱਲੋਂ ਟੋਲ ਦਰਾਂ ਵਧਾਉਣ ਦੀ ਚਰਚਾ ਮਗਰੋਂ ਦਿੱਤੀ ਹੈ।


ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨ ਅੰਦੋਲਨ ਚੱਲਦਾ ਰਿਹਾ ਟੌਲ ਪਲਾਜ਼ੇ ਬੰਦ ਸਨ ਤੇ ਹੁਣ ਉਨ੍ਹਾਂ ਨੂੰ ਮੁੜ ਖੋਲ੍ਹਣ ਤੇ ਘਾਟਾ ਪੂਰਾ ਕਰਨ ਲਈ ਉਸ ਦੀਆਂ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਟੌਲ ਪਲਾਜ਼ੇ ਦੀ ਦਰ ਵਿਚ ਵਾਧਾ ਕੀਤਾ ਗਿਆ ਤਾਂ ਉਹ ਮੁੜ ਸੰਘਰਸ਼ ਛੇੜ ਦੇਣਗੇ ਤੇ ਟੌਲ ਪਲਾਜ਼ੇ ਬੰਦ ਕਰਵਾ ਦੇਣਗੇ।


ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਕਣਕ ਤੇ ਝੋਨੇ ਦਾ ਭਾਅ ਸਿਰਫ ਦੋ-ਢਾਈ ਫੀਸਦ ਵਧਾਉਂਦੀ ਹੈ, ਉਸੇ ਤਰਜ਼ ’ਤੇ ਹੀ ਟੋਲ ਪਲਾਜ਼ਿਆਂ ਦੀਆਂ ਦਰਾਂ ਵਧਾਈਆਂ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਜਾਂ ਉਨ੍ਹਾਂ ਨਾਲ ਖੁੰਦਕ ਕੱਢਣ ਦੀ ਆੜ ਹੇਠ ਜੇ ਟੋਲ ਪਲਾਜ਼ਿਆਂ ਦੀਆਂ ਦਰਾਂ ਵਧਾਈਆਂ ਗਈਆਂ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ।


ਬੀਕੇਯੂ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਸੋਮਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਲਈ ਸਰਕਾਰ ਖਿਲਾਫ਼ ਵਿੱਢੇ ਅੰਦੋਲਨ ਲਈ ਕਿਸਾਨਾਂ ਨੂੰ ਗੁਰੂਘਰ ਤੋਂ ਬਲ ਮਿਲਿਆ ਹੈ ਤੇ ਉਹ ਇਸ ਦਾ ਸ਼ੁਕਰਾਨਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੀ ਸਫਲਤਾ ਲਈ ਹਰ ਵਰਗ ਨੇ ਸਹਿਯੋਗ ਦਿੱਤਾ ਹੈ। ਸੰਜਮ ਤੇ ਸ਼ਾਂਤੀ ਨਾਲ ਲੰਮਾ ਸਮਾਂ ਚੱਲੇ ਇਸ ਸੰਘਰਸ਼ ਅੱਗੇ ਸਰਕਾਰ ਨੂੰ ਮਜਬੂਰ ਹੋ ਕੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਹਨ।