ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਦੇਸ਼ ਵਿਆਪੀ ਲੌਕਡਾਊਨ (Lockdown) ਦੌਰਾਨ ਸ਼ਰਾਬ ਦੀਆਂ ਦੁਕਾਨਾਂ (liquor shops) ਖੋਲ੍ਹਣ ਦਾ ਅੱਜ ਤੀਜਾ ਦਿਨ ਹੈ। ਸ਼ਰਾਬ ਦੇ ਸ਼ੌਕੀਨ ਠੇਕਿਆਂ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਲਾਈਨਾਂ ‘ਚ ਲੱਗੇ ਹੋਏ ਦਿਖਾਈ ਦਿੱਤੇ। ਸੋਮਵਾਰ ਤੇ ਮੰਗਲਵਾਰ ਨੂੰ ਲੋਕਾਂ ਨੇ ਸਮਾਜਕ ਦੂਰੀ (Social Distancing) ਦੇ ਸਾਰੇ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉੱਡਾ ਦਿੱਤੀਆਂ। ਇਸ ਦੌਰਾਨ ਕਈ ਸੂਬੇ ਸ਼ਰਾਬ ਦੀ ਹੋਮ ਡਿਲੀਵਰੀ (Home delivery) ਦੀ ਤਿਆਰੀ ਵਿਚ ਰੁੱਝੇ ਹੋਏ ਹਨ। ਇਸ ਤਰ੍ਹਾਂ ਪਿਛਲੇ ਦਿਨਾਂ ਦੌਰਾਨ ਸ਼ਰਾਬ ਦਾ ਮੁੱਦਾ ਕੋਰੋਨਾ ਤੋਂ ਵੀ ਵੱਡਾ ਬਣ ਗਿਆ ਹੈ।
ਸ਼ਰਾਬ ਦੀ ਹੋਮ ਡਿਲੀਵਰੀ ਨੂੰ ਮਨਜ਼ੂਰੀ:
ਪੰਜਾਬ ਸਰਕਾਰ ਨੇ ਮਾਲੀਆ ਵਧਾਉਣ ਲਈ ਸੂਬੇ ‘ਚ ਸ਼ਰਾਬ ਦੀ ਆਨਲਾਈਨ ਵਿਕਰੀ ਤੇ ਹੋਮ ਡਿਲੀਵਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਨਲਾਈਨ ਵਿਕਰੀ 7 ਮਈ ਤੋਂ ਸ਼ੁਰੂ ਹੋ ਸਕਦੀ ਹੈ। ਜਦਕਿ ਹੋਮ ਡਿਲੀਵਰੀ ਕਿਵੇਂ ਹੋਵੇਗੀ, ਇਸ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਸਰਕਾਰ ਸ਼ਰਾਬ ‘ਤੇ ਕੋਰੋਨਾ ਸੈੱਸ ਲਾਉਣ ‘ਤੇ ਵੀ ਵਿਚਾਰ ਕਰ ਰਹੀ ਹੈ। ਇਹ 50 ਤੋਂ 100 ਰੁਪਏ ਪ੍ਰਤੀ ਬੋਤਲ ਹੋ ਸਕਦੀ ਹੈ। ਪੰਜਾਬ ਵਿੱਚ ਸ਼ਰਾਬ ਦੇ ਠੇਕੇ 7 ਮਈ ਤੋਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੇ। ਇਸ ਸਮੇਂ ਦੌਰਾਨ ਸ਼ਰਾਬ ਦੀ ਹੋਮ ਡਿਲੀਵਰੀ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾਏਗੀ।
ਸਰਕਾਰ ਨੇ ਸ਼ਰਾਬ ਦੀਆਂ ਕੀਮਤਾਂ ‘ਚ ਕੀਤਾ ਵਾਧਾ:
ਅੱਜ ਤੋਂ ਹੀ ਹਰਿਆਣਾ ‘ਚ ਵੀ ਸ਼ਰਾਬ ਦੀ ਸੇਲ ਸ਼ੁਰੂ ਹੋ ਗਈ ਹੈ। ਗੁਰੂਗ੍ਰਾਮ ‘ਚ ਸ਼ਰਾਬ ਖਰੀਦਣ ਵਿਚ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਦੱਸ ਦੇਈਏ ਕਿ ਸਰਕਾਰ ਨੇ ਵੀ ਸ਼ਰਾਬ ਦੀ ਕੀਮਤ ਵਿਚ ਵਾਧਾ ਕੀਤਾ ਹੈ। ਦੇਸੀ ਸ਼ਰਾਬ ਦੀ ਬੋਤਲ ਪੰਜ, ਅੰਗਰੇਜ਼ੀ 20 ਤੇ ਵਿਦੇਸ਼ੀ 50 ਰੁਪਏ ਮਹਿੰਗੀ ਹੋਵੇਗੀ। ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਸਾਰੇ ਸ਼ਹਿਰ ਤੇ ਦਿਹਾਤੀ ਖੇਤਰ ਸ਼ਾਮ 7 ਵਜੇ ਤੱਕ ਸ਼ਰਾਬ ਖਰੀਦਣ ਦੇ ਯੋਗ ਹੋ ਜਾਣਗੇ। ਸ਼ਾਪਿੰਗ ਮਾਲਾਂ ਵਿੱਚ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ।
ਦਿੱਲੀ ਵਿੱਚ ਲੰਬੀ ਕਤਾਰ:
ਦਿੱਲੀ ਵਿੱਚ ਸ਼ਰਾਬ ਦੀ ਦੁਕਾਨ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਸਰਕਾਰ ਨੇ ਸ਼ਰਾਬ ‘ਤੇ 70% ਕੋਰੋਨਾ ਟੈਕਸ ਲਾ ਦਿੱਤਾ ਹੈ। ਕ੍ਰਿਸ਼ਨਾਨਗਰ ਵਿੱਚ ਇੱਕ ਸ਼ਰਾਬ ਦੀ ਦੁਕਾਨ ਦੇ ਬਾਹਰ ਖੜ੍ਹੇ ਲੋਕਾਂ ਨੇ ਸਮਾਜਿਕ ਦੂਰੀ ਦਾ ਉਲੰਘਣ ਕੀਤਾ। ਪੁਲਿਸ ਨੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਉਣ ਦੇ ਹੁਕਮ ਦਿੱਤੇ।
ਇਸ ਦੇ ਨਾਲ ਹੀ ਮੁੰਬਈ ‘ਚ ਇੱਕ ਵਾਰ ਫਿਰ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਠੇਕੇ ਦੇ ਬਾਹਰ ਭਾਰੀ ਭੀੜ ਤੇ ਸੋਸ਼ਲ ਡਿਸਟੈਂਸਿੰਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਕਾਰਨ ਲਿਆ ਗਿਆ ਹੈ।
ਕੋਰੋਨਾ ਨਾਲੋਂ ਵੀ ਵੱਡਾ ਬਣਿਆ ਸ਼ਰਾਬ ਦਾ ਮੁੱਦਾ, ਪੰਜਾਬ 'ਚ ਹੋਮ ਡਲਿਵਰੀ ਮਨਜ਼ੂਰ, ਹਰਿਆਣਾ 'ਚ ਖੁੱਲ੍ਹੇ ਠੇਕੇ
ਮਨਵੀਰ ਕੌਰ ਰੰਧਾਵਾ
Updated at:
06 May 2020 02:07 PM (IST)
ਦੇਸ਼ ਦੇ ਕਈ ਸੂਬਿਆਂ ਨੇ ਕੁਝ ਸ਼ਰਤਾਂ ਤੋਂ ਬਾਅਦ ਦੁਬਾਰਾ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਤਾਂ ਜੋ ਰਾਜ ਨੂੰ ਕੋਰੋਨਵਾਇਰਸ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਇਸ ਦੇ ਨਾਲ ਹੀ ਕੁਝ ਸੂਬੇ ਅਜਿਹੇ ਹਨ ਜਿਨ੍ਹਾਂ ਨੇ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -