ਗਗਨਦੀਪ ਸ਼ਰਮਾ
ਅੰਮ੍ਰਿਤਸਰ: ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਦੁਨੀਆਂ ਭਰ 'ਚ ਕਈ ਲੋਕ ਅਧਵਾਟੇ ਅਟਕੇ ਹੋਏ ਘਰਾਂ ਨੂੰ ਪਰਤਣ ਦੀ ਉਡੀਕ 'ਚ ਹਨ। ਪਰ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਕਰੀਬ ਹਰ ਦੇਸ਼ 'ਚ ਲੌਕਡਾਊਨ ਦੀ ਸਥਿਤੀ ਹੈ। ਉਡਾਣਾਂ 'ਤੇ ਰੋਕ ਲੱਗੀ ਹੋਈ ਹੈ ਜਿਸ ਕਾਰਨ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ 'ਚ ਵੀ ਰੁਕੇ ਹੋਏ ਹਨ। ਹੁਣ ਪੰਜਾਬ ਸਰਕਾਰ ਨੇ ਇਨ੍ਹਾਂ ਪੰਜਾਬੀਆਂ ਦੀ ਘਰ ਵਾਪਸੀ ਲਈ ਪ੍ਰਬੰਧ ਕਰਨ ਦੇ ਯਤਨ ਆਰੰਭ ਦਿੱਤੇ ਹਨ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਦੇਸ਼ੀ ਧਰਤੀ 'ਤੇ ਬੈਠੇ ਅਜਿਹੇ ਪੰਜਾਬੀ ਜੋ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ ਉਹ ਆਪਣੀ ਜਾਣਕਾਰੀ ਪੰਜਾਬ ਸਰਕਾਰ ਨਾਲ ਸਾਂਝੀ ਕਰਨ, ਤਾਂ ਜੋ ਉਨ੍ਹਾਂ ਨੂੰ ਪੰਜਾਬ ਲਿਆਉਣ ਬਾਰੇ ਸਫਲ ਯੋਜਨਾਬੰਦੀ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ੀ ਕਾਲਜਾਂ ਵਿਚ ਪੜ੍ਹ ਰਹੇ ਜਾਂ ਵਿਦੇਸ਼ੀ ਧਰਤੀ 'ਤੇ ਕੰਮ ਕਰ ਰਹੇ ਲੋਕਾਂ ਨੂੰ ਪੰਜਾਬ ਆਉਣ ਦਾ ਮੌਕਾ ਦੇਣਾ ਚਾਹੁੰਦੇ ਹਨ ਜੋ ਘਰ ਵਾਪਸੀ ਦੇ ਇਛੁੱਕ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪੰਜਾਬੀ ਜੋ ਵਾਪਸ ਆਉਣਾ ਚਾਹੁੰਦੇ ਹਨ ਸਟੇਟ ਕੋਵਿਡ ਕੰਟਰੋਲ ਰੂਮ, ਚੰਡੀਗੜ੍ਹ ਵੱਲੋਂ ਦਿੱਤੇ ਈਮੇਲ ਐਡਰੈੱਸ sccr.pb2020@gmail.com 'ਤੇ ਆਪਣੀ ਜਾਣਕਾਰੀ ਦੇ ਸਕਦੇ ਹਨ, ਜਿਸ ਵਿਚ ਆਪਣਾ ਨਾਂਅ, ਪਿਤਾ ਦਾ ਨਾਂਅ, ਮੌਜੂਦਾ ਫੋਨ ਨੰਬਰ, ਮੌਜੂਦਾ ਪਤਾ, ਪਾਸਪੋਰਟ ਨੰਬਰ, ਕਿੰਨੇ ਮੈਂਬਰ ਵਿਦੇਸ਼ 'ਚੋਂ ਆਉਣਾ ਚਾਹੁੰਦੇ ਹਨ ਅਤੇ ਪੰਜਾਬ ਵਿਚ ਕਿਹੜੇ ਹਵਾਈ ਅੱਡੇ 'ਤੇ ਆਉਣ ਦੀ ਇੱਛਾ ਰੱਖਦੇ ਹਨ ਇਸ ਬਾਰੇ ਵੇਰਵਾ ਦਿੱਤਾ ਜਾਵੇ।