ਚੰਡੀਗੜ੍ਹ: ਬੈਂਸ ਨੇ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਪਿਛਲੇ ਦਿਨ ਹੋਏ ਹਮਲੇ ਨੂੰ "ਪੁਲਿਸ ਦੀ ਸਖ਼ਤੀ ਵਿਰੁੱਧ ਜਨਤਕ ਪ੍ਰਤੀਕ੍ਰਿਆ" ਕਰਾਰ ਦਿੱਤਾ ਸੀ। ਹਮਲੇ ‘ਚ ਏਐਸਆਈ ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਸੀ। ਉਸ ਨੂੰ ਕੱਲ੍ਹ ਤਕਰੀਬਨ ਸਾਢੇ 7 ਘੰਟੇ ਦੀ ਪਲਾਸਟਿਕ ਸਰਜਰੀ ਤੋਂ ਬਾਅਦ ਜੋੜਿਆ ਗਿਆ। ਹੁਣ ਸੂਬੇ ਦੇ ਮੰਤਰੀਆਂ ਨੇ ਮੰਗ ਕੀਤੀ ਕਿ ਬੈਂਸ ‘ਤੇ ਮਹਾਮਾਰੀ ਰੋਗ ਐਕਟ, 1897 ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ 2005 ਦੇ ਨਾਲ-ਨਾਲ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ।


ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ ਤੇ ਅਰੁਨਾ ਚੌਧਰੀ ਨੇ ਬੈਂਸ ਦੀਆਂ ਟਿੱਪਣੀਆਂ ਦੀ ਨਿੰਦਾ ਕੀਤੀ। ਬਲਬੀਰ ਸਿੰਘ ਸਿੱਧੂ ਨੇ ਕਿਹਾ, “ਪੰਜਾਬ ਪੁਲਿਸ ਇਸ ਨਾਜ਼ੁਕ ਸਮੇਂ ਸ਼ਲਾਘਾਯੋਗ ਕੰਮ ਕਰ ਰਹੀ ਹੈ ਤੇ ਐਤਵਾਰ ਨੂੰ ਜੋ ਵੀ ਹੋਇਆ ਉਹ ਨਿੰਦਣਯੋਗ ਹੈ। ਪੁਲਿਸ ਫੋਰਸ 'ਤੇ ਘਟੀਆ ਇਲਜ਼ਾਮ ਲਾ ਕੇ ਬੈਂਸ ਨੇ ਇਨ੍ਹਾਂ ਬਹਾਦਰਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਹੈ, ਜੋ ਸੁਰੱਖਿਆ ਲਈ ਆਪਣੀ ਜਾਨ ਜੋਖ਼ਮ ‘ਚ ਪਾ ਰਹੇ ਹਨ।"

ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਇਹ ਸਮਾਂ ਇਕਜੁੱਟ ਹੋ ਕੇ ਮਹਾਮਾਰੀ ਨਾਲ ਲੜਨ ਤੇ ਬਹਾਦਰ ਯੋਧਿਆਂ ਦਾ ਸਮਰਥਨ ਕਰਨ ਦਾ ਹੈ ਜੋ ਆਪਣੀ ਜਾਨ ਨੂੰ ਖ਼ਤਰੇ ‘ਚ ਪਾ ਕੇ ਸਾਨੂੰ ਬਚਾਉਣ ਲਈ ਲੜ ਰਹੇ ਹਨ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ, "ਇਹ ਸਾਡੇ ਪੁਲਿਸ ਮੁਲਾਜ਼ਮਾਂ ਵੱਲੋਂ ਡਿਊਟੀ ਦੌਰਾਨ ਕੀਤੀਆਂ ਜਾਂਦੀਆਂ ਮਹਾਨ ਕੁਰਬਾਨੀਆਂ ਦਾ ਨਿਰਾਦਰ ਹੈ ਤੇ ਇਸ ਦੀ ਸਾਰਿਆਂ ਨੂੰ ਨਿੰਦਿਆ ਕਰਨੀ ਚਾਹੀਦੀ ਹੈ।"

ਅਰੁਨਾ ਚੌਧਰੀ ਨੇ ਕਿਹਾ, “ਇਸ ਤਰ੍ਹਾਂ ਦੇ ਬਿਆਨ ਦੇ ਕੇ ਉਹ ਸਮਾਜ ਵਿਰੋਧੀ ਅਨਸਰਾਂ ਨੂੰ ਪੁਲਿਸ 'ਤੇ ਹਮਲਾ ਕਰਨ ਲਈ ਉਤਸ਼ਾਹਤ ਕਰ ਰਿਹਾ ਹੈ।" ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਦੁਖਦਾਈ ਘਟਨਾ ਨਾਲ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ ਲਈ, ਉਹ ਵੀ ਅਜਿਹੇ ਸਮੇਂ ਜਦੋਂ ਸੂਬਾ ਅਤੇ ਦੇਸ਼ ਨੂੰ ਭਾਰੀ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬੈਂਸ ਨੂੰ ਝਾੜ ਪਾਉਂਦਿਆ ਕਿਹਾ ਕਿ ਲੋਕਾਂ ਦੀ ਸੇਵਾ ਵਿਚ ਡਿਊਟੀ ਨਿਭਾਉਣ ਵਾਲੀ ਫੋਰਸ ਵਿਰੁੱਧ ਅਜਿਹੇ ਅਪਮਾਨਜਨਕ ਬਿਆਨ ਮਾਫੀਯੋਗ ਨਹੀਂ।