ਪਟਿਆਲਾ: ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਅੱਜ ਤੜਕੇ ਮੀਂਹ ਕਾਰਨ ਢੇਲਾ ਨਦੀ ਵਿੱਚ ਕਾਰ ਵਹਿਣ ਕਾਰਨ ਪੰਜਾਬ ਦੇ 9 ਸੈਲਾਨੀਆਂ ਦੀ ਮੌਤ ਹੋ ਗਈ। ਇਹ ਸਾਰੇ ਪਟਿਆਲਾ ਦੇ ਰਹਿਣ ਵਾਲੇ ਸੀ। ਇਹ ਲੋਕ ਡੀਜੇ ਦਾ ਪ੍ਰੋਗਰਾਮ ਲਾ ਕੇ ਵਾਪਸ ਆ ਰਹੇ ਸੀ।


ਹਾਸਲ ਜਾਣਕਾਰੀ ਮੁਤਾਬਕ ਪਟਿਆਲਾ ਦੇ ਪਵਨ ਕੁਮਾਰ ਤੇ ਉਨ੍ਹਾਂ ਦਾ ਪੂਰਾ ਗਰੁੱਪ ਹਾਸਦੇ ਦਾ ਸ਼ਿਕਾਰ ਹੋ ਗਿਆ। ਐਕਸੀਡੈਂਟ ਵਿੱਚ ਇੱਕ ਲੜਕੀ ਬਚੀ ਹੈ। ਇਹ ਸਾਰੇ ਵਿਅਕਤੀ ਆਰਟਿਗਾ ਗੱਡੀ ਵਿੱਚ ਸਵਾਰ ਸਨ। ਗੱਡੀ ਜਰਨੈਲ ਸਿੰਘ ਦੀ ਸੀ ਜੋ ਡੀਜੇ ਦਾ ਕੰਮ ਕਰਦਾ ਹੈ। 


ਦੱਸ ਦਈਏ ਕਿ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਅੱਜ ਤੜਕੇ ਮੀਂਹ ਕਾਰਨ ਢੇਲਾ ਨਦੀ ਵਿੱਚ ਕਾਰ ਵਹਿਣ ਕਾਰਨ ਪੰਜਾਬ ਦੇ 9 ਸੈਲਾਨੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਪੁਲਿਸ ਅਨੁਸਾਰ ਹਾਦਸਾ ਸਵੇਰੇ 6.45 ਵਜੇ ਦੇ ਕਰੀਬ ਉਸ ਸਮੇਂ ਹੋਇਆ, ਜਦੋਂ ਪਟਿਆਲਾ ਵਾਸੀ ਸੈਲਾਨੀ ਪੰਜਾਬ ਪਰਤ ਰਹੇ ਸਨ। 


ਹਾਦਸੇ ਦਾ ਸ਼ਿਕਾਰ ਹੋਏ ਚਾਰ ਸੈਲਾਨੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਪੰਜ ਹੋਰ ਕਾਰ ਵਿੱਚ ਫਸੇ ਹੋਏ ਹਨ। ਹਾਦਸੇ ਵਿੱਚ ਬਚੀ 22 ਸਾਲਾ ਔਰਤ ਨਾਜ਼ੀਆ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਸ ਨੂੰ ਇਲਾਜ ਲਈ ਰਾਮਨਗਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਾਕੀ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰੇ 10 ਸੈਲਾਨੀ ਢੇਲਾ ਦੇ ਇੱਕ ਰਿਜ਼ੋਰਟ ਵਿੱਚ ਰੁਕੇ ਹੋਏ ਸਨ।


ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੱਲੋਂ ਦੁਖ ਪ੍ਰਗਟ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਦੁਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਮਨਗਰ ਦੇ ਢੇਲਾ ਨਦੀ 'ਚ ਤੇਜ਼ ਪਾਣੀ ਦੇ ਵਹਾਅ ਦੌਰਾਨ ਕਾਰ ਵਹਿ ਜਾਣ ਕਾਰਨ ਕਾਰ ਸਵਾਰ ਵਿਅਕਤੀਆਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਮੇਰੀ ਸੰਵੇਦਨਾ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹੈ। ਹੋਰ ਕਾਰ ਸਵਾਰਾਂ ਦੇ ਬਚਾਅ ਲਈ ਸਥਾਨਕ ਪ੍ਰਸ਼ਾਸਨ ਨੂੰ ਰਾਹਤ ਕਾਰਜ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।