ਲੁਧਿਆਣਾ ਦੇ ਏਸੀਪੀ ਗੁਰਜੀਤ ਸਿੰਘ ਮੁਤਾਬਕ ਨਿਰਦੇਸ਼ ਸਿੰਘ ਅਤੇ ਸਿਪਾਹੀ ਸੁਰਜੀਤ ਸਿੰਘ ਪੀਸੀਆਰ ਮੋਟਰਸਾਈਕਲ ਨੰਬਰ 59 ’ਤੇ ਤਾਇਨਾਤ ਸਨ। ਉਹ ਹੰਬੜਾ ਰੋਡ ਸਥਿਤ ਵਿਧਾਇਕ ਇਆਲੀ ਦੇ ਘਰ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਹ ਸ੍ਰੀ ਇਆਲੀ ਦੀ ਕੋਠੀ ਬਾਹਰ ਬਣੇ ਗਾਰਡ ਰੂਮ ਵਿੱਚ ਬੈਠ ਗਏ ਅਤੇ ਆਪਣੇ ਪਿਸਤੌਲ ਸਾਫ਼ ਕਰਨ ਲੱਗੇ। ਇਸ ਦੌਰਾਨ ਸਿਪਾਹੀ ਸੁਰਜੀਤ ਦੇ ਪਿਸਤੌਲ ਤੋਂ ਨਿਕਲੀ ਗੋਲੀ ਨਿਰਦੇਸ਼ ਸਿੰਘ ਦੇ ਦਿਲ ਦੇ ਹੇਠਲੇ ਹਿੱਸੇ ਵਿੱਚ ਜਾ ਲੱਗੀ।
ਗੋਲੀ ਦੀ ਆਵਾਜ਼ ਸੁਣਦਿਆਂ ਹੀ ਵਿਧਾਇਕ ਇਆਲੀ ਦੇ ਪਰਿਵਾਰਕ ਮੈਂਬਰ ਤੇ ਹੋਰ ਮੌਕੇ 'ਤੇ ਪਹੁੰਚੇ। ਇਆਲੀ ਦੇ ਭਰਾ ਹਰਬੀਰ ਸਿੰਘ ਨੇ ਆਪਣੀ ਗੱਡੀ 'ਚ ਨਿਰਦੇਸ਼ ਸਿੰਘ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਏਸੀਪੀ ਨੇ ਕਿਹਾ ਕਿ ਨਿਰਦੇਸ਼ ਸਿੰਘ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ। ਹਾਲੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਦੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਏਗਾ ਅਤੇ ਉਸ ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਏਗੀ।