ਗਾਂ ਦੀ ਮੌਤ ਨੂੰ ਲੈ ਕੇ ਝਗੜਾ, ਤਾਏ-ਭਤੀਜੇ ਦਾ ਕਤਲ
ਏਬੀਪੀ ਸਾਂਝਾ | 24 Aug 2016 12:25 PM (IST)

ਗੁਰਦਾਸਪੁਰ: ਮਮੂਲੀ ਝਗੜੇ ਨੇ ਦੋ ਲੋਕਾਂ ਦੀ ਜਾਨ ਲੈ ਲਈ ਹੈ। ਖਬਰ ਗੁਰਦਾਸਪੁਰ ਦੇ ਪਿੰਡ ਸਿੰਬਲੀ ਤੋਂ ਹੈ। ਦਰਅਸਲ ਗਾਂ ਦੀ ਮੌਤ ਤੋਂ ਬਾਅਦ ਦੋ ਪਰਿਵਾਰਾਂ 'ਚ ਸ਼ੁਰੂ ਹੋਇਆ ਛੋਟਾ ਜਿਹਾ ਝਗੜਾ ਇਸ ਕਦਰ ਵਧਿਆ ਕਿ ਇੱਕ ਧੜੇ ਦੇ ਲੋਕਾਂ ਨੇ ਦੂਸਰੇ ਪਰਿਵਾਰ ਦੇ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਕਿਸਾਨ ਸਤਨਾਮ ਸਿੰਘ ਦੀ ਗਾਂ ਬੂਆ ਸਿੰਘ ਦੇ ਖੇਤਾਂ 'ਚ ਚਲੀ ਗਈ। ਇੱਥੇ ਚਾਰੇ 'ਤੇ ਸਪਰੇਅ ਕੀਤੀ ਹੋਣ ਕਾਰਨ ਜ਼ਹਿਰੀਲਾ ਚਾਰਾ ਨਿਗਲਣ ਕਾਰਨ ਗਾਂ ਦੀ ਮੌਤ ਹੋ ਗਈ। ਇਸ ਦੇ ਚੱਲਦੇ ਦੋਵਾਂ ਪਰਿਵਾਰਾਂ 'ਚ ਝਗੜਾ ਸ਼ੁਰੂ ਹੋ ਗਿਆ ਪਰ ਪੰਚਾਇਤ ਨੇ ਦੋਵਾਂ ਧਿਰਾਂ 'ਚ ਰਾਜ਼ੀਨਾਮਾ ਕਰਵਾ ਦਿੱਤਾ। ਰਾਜੀਨਾਮੇ ਮੁਤਾਬਕ ਬੂਆ ਸਿੰਘ ਨੇ ਸਤਨਾਮ ਸਿੰਘ ਨੂੰ 25 ਹਜ਼ਾਰ ਰੁਪਏ ਦੇਣੇ ਸਨ ਪਰ ਜੋ ਹੋਇਆ ਉਸ ਨੇ ਲੈ ਲਈਆਂ ਦੋ ਜਾਨਾਂ। ਬੂਆ ਸਿੰਘ ਨੇ ਅੱਜ ਆਪਣੇ ਕੁਝ ਸਾਥੀਆਂ ਨਾਲ ਮਿਲਕੇ ਖੇਤ 'ਚ ਕੰਮ ਕਰ ਰਹੇ ਸਤਨਾਮ ਸਿੰਘ ਤੇ ਉਸ ਦੇ ਭਤੀਜੇ ਬਿਕਰਮਜੀਤ 'ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਕੀਤੀ ਫਾਇਰਿੰਗ 'ਚ ਦੋਵੇਂ ਤਾਇਆ ਭਤੀਜਾ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹਨ। ਪੁਲਿਸ ਦਾ ਦਾਅਵਾ ਹੈ ਕਿ ਛੇਤੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।