ਗੁਆਂਢੀ ਦੀ ਅਲਮਾਰੀ 'ਚੋਂ ਮਿਲੀ ਬੱਚੇ ਦੀ ਲਾਸ਼
ਏਬੀਪੀ ਸਾਂਝਾ | 09 Aug 2016 08:42 AM (IST)
ਜਲੰਧਰ: ਇੱਕ ਮਾਸੂਮ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਖ਼ਬਰ ਜਲੰਧਰ ਜ਼ਿਲ੍ਹੇ ਦੇ ਪਿੰਡ ਮਲਕੋਂ ਤੋਂ ਹੈ। ਇੱਥੇ ਸੋਮਵਾਰ ਤੋਂ ਲਾਪਤਾ 7 ਸਾਲਾ ਮਾਸੂਮ ਬੱਚੇ ਦੀ ਲਾਸ਼ ਗੁਆਂਢੀ ਦੇ ਘਰ ਦੀ ਅਲਮਾਰੀ 'ਚੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਬੱਚਾ ਗੁਆਂਢੀ ਦੇ ਘਰ ਰਹਿੰਦੇ ਇੱਕ ਟੀਚਰ ਕੋਲ ਟਿਊਸ਼ਨ ਪੜ੍ਹਨ ਗਿਆ ਸੀ। ਕਤਲ ਤੋਂ ਬਾਅਦ ਘਰ ਦਾ ਮਾਲਕ ਤੇ ਅਧਿਆਪਕ ਫਰਾਰ ਹਨ। ਮਲਕੋ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦਾ ਮਾਸੂਮ ਪੁੱਤਰ ਉਨ੍ਹਾਂ ਦੇ ਗੁਆਂਢੀ ਮੰਗਤ ਰਾਮ ਦੇ ਘਰ ਰਹਿੰਦੇ ਅਧਿਆਪਕ ਕੋਲ ਟਿਊਸ਼ਨ ਪੜ੍ਹਦਾ ਸੀ। ਕੱਲ੍ਹ ਵੀ ਗੋਪੀ ਟਿਊਸ਼ਨ ਪੜ੍ਹਨ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਗੋਪੀ ਦੀ ਮਾਂ ਰਜਨੀ ਜਦ ਪਤਾ ਕਰਨ ਗਈ ਤਾਂ ਅਧਿਆਪਕ ਨੇ ਕਿਹਾ ਕਿ ਉਹ ਅਜੇ ਪੜ੍ਹ ਰਿਹਾ ਹੈ। ਥੋੜੀ ਦੇਰ ਬਾਅਦ ਆ ਜਾਏਗਾ ਪਰ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਬੱਚਾ ਘਰ ਨਹੀਂ ਆਇਆ। ਇਸ 'ਤੇ ਮਾਂ ਜਦ ਦੁਬਾਰਾ ਗੁਆਂਢੀ ਦੇ ਘਰ ਗਈ ਤਾਂ ਬਾਹਰ ਤੋਂ ਤਾਲਾ ਲੱਗਾ ਹੋਇਆ ਸੀ। ਕਾਫੀ ਦੇਰ ਤੱਕ ਬੱਚੇ ਦੀ ਭਾਲ ਕੀਤੀ ਗਈ। ਆਖਰ ਕਾਫੀ ਲੋਕ ਇਕੱਠੇ ਹੋ ਗਏ। ਇਸ ਦੌਰਾਨ ਕੁਝ ਲੋਕ ਗੁਆਂਢੀ ਦੇ ਘਰ ਕੰਧ ਟੱਪ ਕੇ ਦਾਖਲ ਹੋਏ। ਅੰਦਰ ਦੇ ਹਲਾਤ ਠੀਕ ਨਹੀਂ ਸਨ। ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਇਸ ਦੌਰਾਨ ਜਦ ਕਮਰੇ 'ਚ ਪਈ ਅਲਮਾਰੀ ਖੋਲ੍ਹੀ ਗਈ ਤਾਂ ਉਸ 'ਚੋਂ ਮਾਸੂਮ ਗੋਪੀ ਦੀ ਲਾਸ਼ ਬਰਾਮਦ ਹੋਈ। ਬੱਚੇ ਦੇ ਹੱਥ ਪੈਰ ਬੰਨ੍ਹੇ ਹੋਏ ਸਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਮੁਤਾਬਕ ਘਰ ਦਾ ਮਾਲਕ ਰਾਤ ਵੇਲੇ ਘਰ ਆਇਆ ਸੀ ਪਰ ਜਦ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਵੀ ਫਰਾਰ ਹੋ ਗਿਆ। ਪੁਲਿਸ ਮੁਤਾਬਕ ਕਤਲ ਮੰਗਤ ਰਾਮ ਦੇ ਘਰ ਰਹਿੰਦੇ ਅਧਿਆਪਕ ਨੇ ਕੀਤਾ ਹੈ ਪਰ ਮੰਗਤ ਰਾਮ ਦਾ ਗਾਇਬ ਹੋਣਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਫਿਲਹਾਲ ਪੁਲਿਸ ਨੇ ਮੁਹੱਲੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਮੁਲਜ਼ਮ ਦੀ ਤਸਵੀਰ ਕੱਢੀ ਹੈ। ਮਾਮਲੇ ਦੀ ਗਹਿਰਾਈ ਨਾਲ ਜਾਂਚ ਤੇ ਮੁਲਜ਼ਮ ਦੀ ਭਾਲ ਜਾਰੀ ਹੈ।