ਮੰਡੀ: ਜਿਲ੍ਹੇ ਦੇ ਪੰਡੋਹ ਡੈਮ 'ਚ ਕਾਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ 7 ਲੋਕਾਂ ਦੀ ਜਾਨ ਚਲੀ ਗਈ ਹੈ। ਹਾਦਸਾ ਕੁੱਲੂ-ਚੰਡੀਗੜ੍ਹ ਰੋਡ ’ਤੇ ਮੰਡੀ ਦੇ ਪਿੰਡ ਓਟ ਨੇੜੇ ਵਾਪਰਿਆ। ਇਹ ਪਰਿਵਾਰ ਛੁੱਟਿਆਂ ਮਨਾ ਕੇ ਪੰਜਾਬ ਵਾਪਸ ਪਰਤ ਰਿਹਾ ਸੀ। ਮ੍ਰਿਤਕਾਂ 'ਚੋਂ ਇੱਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।     ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਣ ਵਾਲਾ ਇਹ ਪਰਿਵਾਰ ਆਪਣੀ ਕਾਰ 'ਤੇ ਸਵਾਰ ਹੋ ਮਨੀਕਰਨ ਸਾਹਿਬ ਤੋਂ ਪੰਜਾਬ ਆਉਣ ਲਈ ਮੰਡੀ ਵੱਲ੍ਹ ਆ ਰਿਹਾ ਸੀ। ਇਸੇ ਦੌਰਾਨ ਕਾਰ ਨੂੰ ਇੱਕ ਅਣਪਛਾਤੇ ਵਾਹਨ ਨੇ ਓਵਰਟੇਕ ਕਰਦੇ ਸਮੇਂ ਸਾਈਡ ਮਾਰ ਦਿੱਤੀ। ਇਸ 'ਤੇ ਕਾਰ ਦਾ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਪਹਾੜੀ ਨਾਲ ਟਕਰਾ ਕੇ ਪੰਡੋਹ ਡੈਮ ਦੀ ਝੀਲ 'ਚ ਜਾ ਡਿੱਗੀ।     ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਹਿਮਾਚਲ ਪ੍ਰਦੇਸ਼ ਪੁਲਿਸ ਤੇ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਇਸ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ 'ਚ ਪਠਾਨਕੋਟ ਦਾ ਸੁਧੀਰ ਕੁਮਾਰ (23), ਉਸ ਦੀ ਪਤਨੀ ਚੇਤਨਾ ਦੇਵੀ (21), ਉਨ੍ਹਾਂ ਦੀ ਡੇਢ ਮਹੀਨੇ ਦੀ ਬੱਚੀ, ਸੁਧੀਰ ਦੀ ਸੱਸ ਮੀਰਾ ਦੇਵੀ, ਸਾਲਾ ਤਿਲਕ ਰਾਜ, ਉਸ ਦੀ ਪਤਨੀ ਚੇਤਨਾ ਦੀ ਮਾਸੀ ਅਨੀਤਾ ਦੇਵੀ ਤੇ ਸਾਲੀ ਬਬਲੀ ਸ਼ਾਮਲ ਹਨ। ਸੁਧੀਰ ਦਾ ਦੂਸਰਾ ਸਾਲਾ ਚੂਨੀ ਲਾਲ ਹਾਦਸੇ ਸਮੇਂ ਕਾਰ ਦੀ ਬਾਰੀ ਖੁੱਲ੍ਹ ਜਾਣ ਕਾਰਨ ਬਾਹਰ ਸੜਕ ’ਤੇ ਡਿੱਗਣ ਕਾਰਨ ਬਚ ਗਿਆ। ਫਿਲਹਾਲ ਮ੍ਰਿਤਕਾਂ ਦੀ ਭਾਲ ਲਈ ਸਰਚ ਅਪ੍ਰੇਸ਼ਨ ਜਾਰੀ ਹੈ।