ਤਰਨਤਾਰਨ: ਦਰਦਨਾਕ ਸੜਕ ਹਾਦਸੇ ਨੇ ਇੱਕੋ ਪਰਿਵਾਰ ਦੇ 3 ਲੋਕਾਂ ਦੀ ਜਾਨ ਲੈ ਲਈ ਹੈ। ਜਦਕਿ 2 ਬੱਚੇ ਗੰਭੀਰ ਜਖਮੀ ਹਨ। ਘਟਨਾ ਤਰਨਤਾਰਨ ਨੇੜੇ ਪਿੰਡ ਠੱਠਾ 'ਚ ਵਾਪਰੀ ਹੈ। ਇੱਥੇ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਪਤੀ ਪਤਨੀ ਤੇ ਉਨ੍ਹਾਂ ਦੇ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਇਸ ਦੌਰਾਨ ਮੋਟਰਸਾਈਕਲ ਤੇ ਨਾਲ ਸਵਾਰ 2 ਬੱਚੇ ਬੁਰੀ ਤਰਾਂ ਜਖਮੀ ਹਨ। ਜਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ 32 ਸਾਲਾ ਸਤਪਾਲ ਸਿੰਘ ਆਪਣੀ ਪਤਨੀ ਬਲਜੀਤ ਕੌਰ (31), ਬੇਟੇ ਸਹਿਜਪਾਲ (3), ਕੰਵਰਪਾਲ (8) ਤੇ ਬੇਟੀ ਨਵਜੋਤ ਕੌਰ (7) ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਇਸ ਦੌਰਾਨ ਪਿੰਡ ਠੱਠਾ ਨੇੜੇ ਇੱਕ ਕਾਰ ਨੇ ਇਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਦੌਰਾਨ ਸਤਪਾਲ, ਉਸ ਦੀ ਪਤਨੀ ਬਲਜੀਤ ਤੇ ਬੇਟੇ ਸਹਿਜਪਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੰਵਰਪਾਲ ਤੇ ਨਵਜੋਤ ਬੁਰੀ ਤਰਾਂ ਜਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਸ ਪਾਸ ਦੇ ਲੋਕਾਂ ਤੇ ਪੁਲਿਸ ਨੇ ਜਖਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ। ਜਦਕਿ ਲਾਸ਼ਾਂ ਨੂੰ ਕਬਜੇ 'ਚ ਲੈ ਕੇ ਪੋਸਟਮਾਟਮ ਲਈ ਭੇਜਿਆ। ਇਸ ਹਾਦਸੇ ਲਈ ਜਿੰਮੇਵਾਰ ਕਾਰ ਚਾਲਕ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।