ਚੰਡੀਗੜ੍ਹ: ਸ਼ਹਿਰ ਦੇ ਸੈਕਟਰ 25 'ਚ ਨੌਜਵਾਨ ਦੇ ਕਤਲ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਗੁੱਸਾ ਭੜਕ ਗਿਆ ਹੈ। ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾਉਂਦਿਆਂ ਪਰਿਵਾਰ ਸਮੇਤ ਵੱਡੀ ਗਿਣਤੀ ਲੋਕਾਂ ਨੇ ਪ੍ਰਦਰਸ਼ਨ ਕੀਤਾ। ਹਾਲਾਂਕਿ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ 1 ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਪਰਿਵਾਰ ਵਾਲਿਆਂ ਨੇ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੇ ਜਾਣ ਤੱਕ ਅੰਤਿੰਮ ਸੰਸਕਾਰ ਨਾ ਕਰਨ ਦੀ ਗੱਲ ਕਹੀ ਹੈ।  
ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ 25 ਦੀ ਭਾਸਕਰ ਕਲੋਨੀ ਦੇ ਰਹਿਣ ਵਾਲੇ 18 ਸਾਲਾ ਵਿਕਾਸ ਦਾ ਕੱਲ੍ਹ ਸ਼ਾਮ ਕਤਲ ਕਰ ਦਿੱਤਾ ਗਿਆ ਸੀ। ਇਲਜ਼ਾਮ ਹਨ ਕਿ ਇਸੇ ਕਲੋਨੀ ਦੇ ਰਹਿਣ ਵਾਲੇ 8 ਲੜਕਿਆਂ ਨੇ ਵਿਕਾਸ ਦਾ ਸ਼ਰੇਆਮ ਬੇਰਹਿਮੀ ਨਾਲ ਕਤਲ ਕੀਤਾ ਹੈ। ਪਰਿਵਾਰ ਮੁਤਾਬਕ ਇਨ੍ਹਾਂ ਲੜਕਿਆਂ ਨੇ ਪਹਿਲਾਂ ਵੀ ਵਿਕਾਸ ਦੇ ਘਰ ਹਮਲਾ ਕੀਤਾ ਸੀ ਪਰ ਉਸ ਵੇਲੇ ਪੁਲਿਸ ਦੀ ਢਿੱਲੀ ਕਾਰਵਾਈ ਦੇ ਚੱਲਦਿਆਂ ਬੇਖੌਫ ਮੁਲਜ਼ਮਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।       ਭੜਕੇ ਪਰਿਵਾਰ ਵਾਲਿਆਂ ਸਮੇਤ ਵੱਡੀ ਗਿਣਤੀ ਲੋਕਾਂ ਨੇ ਸੈਕਟਰ 25 ਦੇ ਚੌਂਕ 'ਚ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ। ਹਾਲਾਂਕਿ ਪੁਲਿਸ ਵੱਲੋਂ ਕਾਰਵਾਈ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ। ਪਰ ਪਰਿਵਾਰ ਨੇ ਅਜੇ ਤੱਕ ਵਿਕਾਸ ਦਾ ਅੰਤਿੰਮ ਸੰਸਕਾਰ ਨਹੀਂ ਕੀਤਾ ਹੈ। ਪੁਲਿਸ ਮੁਤਾਬਕ 8 ਲੜਕਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹਨਾਂ 'ਚੋਂ 5 ਨਬਾਲਗ ਹਨ। ਹੁਣ ਤੱਕ ਪੁਲਿਸ ਨੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਪੁਲਿਸ ਬਾਕੀ ਰਹਿੰਦੇ 1 ਮੁਲਜ਼ਮ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਕਰ ਰਹੀ ਹੈ।   watch video