ਪੁਲਿਸ ਕਾਰਵਾਈ ਦੇ ਬਾਵਜੂਦ ਧਰਨੇ 'ਤੇ ਡਟੇ ਸਿੱਖਿਆ ਪ੍ਰੋਵਾਈਡਰ
ਏਬੀਪੀ ਸਾਂਝਾ | 05 Jul 2016 05:23 AM (IST)
ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਸਾਹਮਣੇ ਧਰਨੇ 'ਤੇ ਬੈਠੇ ਸਿੱਖਿਆ ਪ੍ਰੋਵਾਈਡਰਾਂ ਤੇ ਪੁਲਿਸ ਵਿਚਕਾਰ ਤਣਾਅ ਪੈਦਾ ਹੋ ਸਕਦਾ ਹੈ। ਪੁਲਿਸ ਨੇ ਇਹਨਾਂ ਨੂੰ ਧਰਨਾ ਖਤਮ ਕਰਨ ਦੀ ਚੇਤਾਵਨੀ ਦਿੱਤੀ ਹੈ। ਪਰ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਇਹ ਅਧਿਆਪਕ ਧਰਨਾ ਖਤਮ ਕਰਨ ਲਈ ਤਿਆਰ ਨਹੀਂ ਹਨ। ਕੱਲ੍ਹ ਰਾਤ ਪੁਲਿਸ ਨੇ ਇਹਨਾਂ ਦਾ ਧਰਨੇ ਵਾਲਾ ਟੈਂਟ ਪੁੱਟ ਦਿੱਤਾ ਸੀ। ਪੰਜਾਬ ਦੇ ਸਿੱਖਿਆ ਪ੍ਰੋਵਾਈਡਰ ਆਪਣੀਆਂ ਮੰਗਾਂ ਨੂੰ ਲੈ ਕੇ 14 ਨਵੰਬਰ 2015 ਤੋਂ ਲਗਾਤਾਰ ਧਰਨੇ 'ਤੇ ਬੈਠੇ ਹਨ। ਕਈ ਵਾਰ ਸਰਕਾਰ ਨਾਲ ਗੱਲਬਾਤ ਹੋਣ ਦੇ ਬਾਵਜੂਦ ਕੋਈ ਨਤੀਜਾ ਨਾ ਨਿਕਲਣ 'ਤੇ ਇਹਨਾਂ ਦਾ ਸੰਘਰਸ਼ ਜਾਰੀ ਹੈ। ਇਹ ਅਧਿਆਪਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਟੈਂਟ ਲਗਾ ਕੇ ਧਰਨੇ 'ਤੇ ਬੈਠੇ ਸਨ। ਕੱਲ੍ਹ ਰਾਤ ਅਚਾਨਕ ਪੁਲਿਸ ਪਹੁੰਚੀ ਤੇ ਟੈਂਟ ਪੁੱਟ ਦਿੱਤਾ ਗਿਆ। ਟੈਂਟ, ਕੱਪੜੇ, ਪੱਖੇ ਤੇ ਹੋਰ ਸਮਾਨ ਪੁਲਿਸ ਆਪਣੇ ਨਾਲ ਹੀ ਚੁੱਕ ਕੇ ਲੈ ਗਈ ਸੀ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਭੜਕੇ ਸਿੱਖਿਆ ਪ੍ਰੋਵਾਈਡਰਾਂ ਨੇ ਰਾਤ ਵੇਲੇ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹਨਾਂ ਮੁਤਾਬਕ ਧਰਨਾ ਜਾਰੀ ਰਹੇਗਾ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਪੁਲਿਸ ਅਧਿਕਾਰੀਆਂ ਨੇ ਇਹਨਾਂ ਨੂੰ ਧਰਨਾ ਖਤਮ ਕਰਨ ਜਾਂ ਫਿਰ ਪੁਲਿਸ ਕਾਰਵਾਈ ਭੁਗਤਣ ਦੀ ਚੇਤਾਵਨੀ ਦਿੱਤੀ ਹੈ।