1- ਮਾਨਸਾ ਦੇ ਪਿੰਡ ਘਰਾਂਗਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਇੱਕ 20 ਸਾਲਾ ਨੌਜਵਾਨ ਸੁਖਚੈਨ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਨੇ ਮ੍ਰਿਤਕ ਦੀਆਂ ਦੋਵੇਂ ਲੱਤਾਂ ਤੇ ਇੱਕ ਬਾਂਹ ਵੀ ਕੱਟ ਦਿੱਤੀ। ਮ੍ਰਿਤਕ ਦੇ ਪਿਤਾ ਰੇਸ਼ਮ ਸਿੰਘ ਦੇ ਇਲਜ਼ਾਮ ਸਨ ਕਿ ਕਾਤਲ ਜਾਂਦੇ ਹੋਏ ਮ੍ਰਿਤਕ ਦੀ ਇੱਕ ਲੱਤ ਵੀ ਆਪਣੇ ਨਾਲ ਲੈ ਗਏ ਹਨ। ਪਰ ਅੱਜ ਪੁਲਿਸ ਨੇ ਘਟਨਾ ਸਥਾਨ ਤੋਂ ਹੀ ਸੁਖਚੈਨ ਦੀ ਲੱਤ ਬਰਾਮਦ ਕਰ ਲਈ ਹੈ। ਹਾਲਾਂਕਿ ਪੁਲਿਸ ਨੇ ਮਾਮਲੇ ਦੀ ਗੰਭਾਰਤਾ ਨੂੰ ਦੇਖਦਿਆਂ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪਰ ਪੀੜਤ ਪਰਿਵਾਰ ਨੇ ਸਾਫ ਕੀਤਾ ਹੈ ਕਿ ਜਦ ਤੱਕ ਮੁਲਜ਼ਮ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ।


2- ਬਰਨਾਲਾ ਦੇ ਕਸਬਾ ਭਦੌੜ ਵਿੱਚ ਪਿਉ-ਪੁੱਤਰ ਨੇ ਮਿਲ ਕੇ ਆਪਣੇ ਗੁਆਂਢੀ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਨਿੱਜੀ ਰੰਜਿਸ਼ ਦੇ ਚੱਲਦੇ ਕਤਲ ਕਰ ਦਿੱਤਾ। ਜਦਕਿ ਦੂਜਾ ਭਰਾ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਦੋਹੇਂ ਪਰਿਵਾਰ ਇੱਕ ਹੀ ਮੁਹੱਲੇ ਵਿੱਚ ਰਹਿੰਦੇ ਸਨ। ਪਹਿਲਾਂ ਦੋਹਾਂ ਪਰਿਵਾਰਾਂ ਵਿੱਚ ਕਿਸੇ ਮੁੱਦੇ ‘ਤੇ ਰੰਜਿਸ਼ ਚੱਲ ਰਹੀ ਸੀ, ਪਰ ਰਜਿੰਸ਼ ਇੰਨੀ ਵੱਧ ਗਈ ਕਿ ਪਿਉ ਨੇ ਆਪਣੇ ਪੁੱਤਰ ਨਾਲ ਮਿਲ ਕੇ ਗੁਆਂਢੀ ਨੌਜਵਾਨ ਦਾ ਕਤਲ ਕਰ ਦਿੱਤਾ। ਇਨ੍ਹਾਂ ਹੀ ਨਹੀਂ ਸਗੋਂ ਗੁਆਂਢੀ ਨੌਜਵਾਨ ਦੇ ਦੂਜੇ ਭਰਾ ਦੇ ਢਿੱਡ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਜੋ ਕਿ ਇਸ ਸਮੇਂ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜੇਰੇ ਇਲਾਜ ਭਰਤੀ ਹੈ।

3- ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਪ੍ਰੋਗਰਾਮ ਦੇ ਲਈ ਗੁਰਦਾਸਪੁਰ ਜਾਣਾ ਸੀ। ਪਰ ਗੁਰਦਾਸਪੁਰ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਪੁਲਿਸ ਥਾਣੇ ਕੋਟਲ ਸੂਰਤ ਮੱਲ੍ਹੀ ਦੇ ਘੇਰਾਉ ਕਰਨ ਲਈ ਪਹੁੰਚ ਗਏ। ਦਰਅਸਲ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਕਈ ਵਾਰ ਇਹ ਗੱਲ ਕਹਿ ਚੁੱਕੇ ਹਨ ਕਿ ਅਕਾਲੀ ਲੀਡਰਾਂ ਦੇ ਇਸ਼ਾਰੇ ‘ਤੇ ਇਸ ਇਲਾਕੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ‘ਤੇ ਝੂਠੇ ਪਰਚੇ ਦਰਜ਼ ਕੀਤੇ ਜਾ ਰਹੇ ਹਨ। ਕੈਪਟਨ ਨੇ ਫ਼ੋਨ ‘ਤੇ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੂੰ ਫ਼ੋਨ ‘ਤੇ ਕਿਹਾ ਕਿ ਜੇਕਰ ਅਕਾਲੀ ਦਲ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਪੰਜਾਬ ਪੁਲਿਸ ਇਸ ਤੋਂ ਬਾਜ਼ ਨਾ ਆਈ ਤਾਂ ਸਰਕਾਰ ਆਉਂਦਿਆਂ ਹੀ ਕੈਪਟਨ ਸਭ ਤੋਂ ਪਹਿਲਾਂ ਉਨ੍ਹਾਂ ਅਫ਼ਸਰਾਂ ਦੇ ਖ਼ਿਲਾਫ਼ ਕਾਰਵਾਈ ਕਰਨਗੇ।

4- ਪੰਜਾਬ ਵਿਜੀਲੈਂਸ ਬਿਓਰੋ ਨੇ ਸਾਬਕਾ ਨੇ ਚੁੱਪ-ਚੁਪੀਤੇ ਸੂਬੇ ਦੇ ਖੇਤੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਵਿਰੁੱਧ ਮੁਹਾਲੀ ਅਦਾਲਤ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਨੂੰ ਵਾਪਸ ਲੈਣ ਲਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੁਨੀਤ ਮੋਹਨ ਸ਼ਰਮਾ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਦਰਜ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਜ਼ਮੀਨ ਘੁਟਾਲੇ ਦੇ ਕੇਸ ਨੂੰ ਬੰਦ ਕਰਨ ਦੀ ਵਿਜੀਲੈਂਸ ਦੀ ਇਸ ਕਾਰਵਾਈ ਨੂੰ ਬਾਦਲਾਂ ਅਤੇ ਕੈਪਟਨ ਵਿਚਕਾਰ ਸਿਆਸੀ ਦੋਸਤਾਨਾ ਮੈਚ ਵਜੋਂ ਦੇਖਿਆ ਜਾ ਰਿਹਾ ਹੈ। ਦਰਅਸਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਵਿਜੀਲੈਂਸ ਬਿਓਰੋ ਰਾਹੀਂ ਜਥੇਦਾਰ ਤੋਤਾ ਸਿੰਘ ਸਮੇਤ ਸਿੱਖਿਆ ਬੋਰਡ ਦੇ ਕਈ ਮੌਜੂਦਾ ਤੇ ਸੇਵਾਮੁਕਤ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਵਿਜੀਲੈਂਸ ਥਾਣਾ ਫੇਜ਼-8, ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ।

5- ਸੰਗਰੂਰ ਦੇ ਪਿੰਡ ਜਲੂਰ ਵਿੱਚ ਦਲਿਤਾਂ ’ਤੇ ਹੋਏ ਹਮਲੇ ਦੀ ਵਾਪਰੀ ਘਟਨਾ ਸਬੰਧੀ ਜਮਹੂਰੀ ਅਧਿਕਾਰ ਸਭਾ ਨੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੀ ਕਾਰਵਾਈ ਨੂੰ ਸਿਆਸੀ ਸ਼ਹਿ ਪ੍ਰਾਪਤ ਇੱਕਪਾਸੜ ਕਰਾਰ ਦਿੱਤਾ ਹੈ। ਸਭਾ ਨੇ ਆਪਣੀ ਜਾਂਚ ਰਿਪੋਰਟ ਵਿੱਚ ਕਿਹਾ ਕਿ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਾਂਚ ਲਈ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਆਧਾਰਿਤ ਬਣਾਈ ਕਮੇਟੀ ਨੂੰ ਲਿੱਪਾਪੋਚੀ ਅਤੇ ਮੁੱਦੇ ਨੂੰ ਦਫ਼ਨਾਉਣ ਦਾ ਯਤਨ ਕਰ ਰਹੀ ਹੈ। ਸਭਾ ਆਪਣੀ ਮੁਕੰਮਲ ਜਾਂਚ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਭੇਜੇਗੀ। ਇਸ ਇਲਾਵਾ ਸਭਾ ਨੇ ਮੰਗ ਕੀਤੀ ਕਿ ਘਟਨਾ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠ ਕੀਤੀ ਜਾਵੇ।