ਬੇਅਦਬੀ ਮਾਮਲਾ: 'ਆਪ' ਵਿਧਾਇਕ ਦਾ ਹੋਵੇਗਾ ਪੋਲੀਗ੍ਰਾਫੀ ਟੈਸਟ
ਏਬੀਪੀ ਸਾਂਝਾ | 05 Jul 2016 04:46 AM (IST)
ਚੰਡੀਗੜ੍ਹ: ਮਲੇਰਕੋਟਲਾ ਕੁਰਾਨ ਬੇਅਦਬੀ ਮਾਮਲੇ 'ਚ ਫਸੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦਾ ਪੋਲੀਗ੍ਰਾਫੀ ਟੈਸਟ ਕਰਵਾਇਆ ਜਾਏਗਾ। ਪਟਿਆਲਾ ਪੁਲਿਸ ਨੇ ਇਸ ਸਬੰਧੀ ਸੀਬੀਆਈ ਦੀ ਮਦਦ ਲੈ ਰਹੀ ਹੈ। ਪੁਲਿਸ ਮੁਤਾਬਕ ਨਰੇਸ਼ ਦਾ 7 ਜੁਲਾਈ ਨੂੰ ਸੀਬੀਆਈ ਦੀ ਦਿੱਲੀ ਲੈਬ 'ਚ ਪੋਲੀਗ੍ਰਾਫੀ ਟੈਸਟ ਕਰਵਾਇਆ ਜਾਏਗਾ। ਮਾਮਲੇ ਦੇ ਮੁਲਜ਼ਮ ਵਿਜੇ ਵੱਲੋਂ ਨਾਮ ਲਏ ਜਾਣ ਤੋਂ ਬਾਅਦ ਨਰੇਸ਼ ਨੂੰ ਅੱਜ ਪੁੱਛਗਿੱਛ ਲਈ ਪਟਿਆਲਾ ਸੀਆਈਏ ਸਟਾਫ ਨੇ ਤਲਬ ਕੀਤਾ ਹੈ। ਜਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਲੇਰਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦਾ ਹੱਥ ਸੀ। ਪੁਲਿਸ ਮੁਤਾਬਕ ਇਹ ਗੰਭੀਰ ਇਲਜ਼ਾਮ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਜੇ ਕੁਮਾਰ ਨੇ ਲਾਏ ਹਨ। ਇਸ ਤੋਂ ਬਾਅਦ ਪੁਲਿਸ ਨੇ ‘ਆਪ’ ਵਿਧਾਇਕ ‘ਤੇ ਦੰਗਾ ਭੜਕਾਉਣ ਦਾ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਕ ਕੁਰਾਨ ਸ਼ਰੀਫ ਬੇਅਦਬੀ ਮਾਮਲੇ ‘ਚ ਗ੍ਰਿਫਤਾਰ ਮੁਲਜ਼ਮ ਵਿਜੇ ਕੁਮਾਰ ਨੇ ਇਸ ਪੂਰੀ ਘਟਨਾ ਲਈ ਦਿੱਲੀ ਦੇ ਮਹਰੌਲੀ ਤੋਂ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਿਜੇ ਮੁਤਾਬਕ ਉਹ ਨਰੇਸ਼ ਨੂੰ ਪਹਿਲਾਂ ਤੋਂ ਜਾਣਦਾ ਸੀ। ਬਿਜ਼ਨਸ ਵਿੱਚ ਨੁਕਸਾਨ ਹੋਣ ਕਾਰਨ ਉਸ ਨੂੰ ਪੈਸਿਆਂ ਦੀ ਲੋੜ ਸੀ। ਅਜਿਹੇ ਵਿੱਚ ਨਰੇਸ਼ ਨੇ ਮੋਟੀ ਰਕਮ ਬਦਲੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕਿਹਾ ਸੀ। ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਕੱਲ੍ਹ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨਾਲ ਮੁਲਾਕਾਤ ਕਰ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।