ਲਵ ਮੈਰਿਜ ਤੋਂ ਕੁੱਝ ਮਹੀਨੇ ਬਾਅਦ ਪਤਨੀ ਦਾ ਕਤਲ
ਏਬੀਪੀ ਸਾਂਝਾ | 11 Aug 2016 01:12 PM (IST)
ਚੰਡੀਗੜ੍ਹ: ਪੁਲਿਸ ਨੇ ਇੱਕ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਚੰਡੀਗੜ੍ਹ ਦੇ ਪਿੰਡ ਫੈਦਾਂ ਪਿੰਡ 'ਚ ਕੱਲ੍ਹ ਇੱਕ ਔਰਤ ਦੇ ਖੁਦਕੁਸ਼ੀ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ। ਪਰ ਜਾਂਚ ਤੋਂ ਬਾਅਦ ਮਾਮਲਾ ਕਤਲ ਦਾ ਨਿੱਕਲਿਆ ਹੈ। ਪੁਲਿਸ ਨੇ ਇਸ ਕਤਲ ਮਾਮਲੇ 'ਚ ਔਰਤ ਦੇ ਪਤੀ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਕੱਲ੍ਹ 19 ਸਾਲਾ ਔਰਤ ਅਨੀਤਾ ਵੱਲੋਂ ਖੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਸੀ। ਤੁਰੰਤ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਇੱਥੇ ਅਨੀਤਾ ਦੀ ਲਾਸ਼ ਕਮਰੇ 'ਚ ਲਟਕ ਰਹੀ ਸੀ। ਉਸ ਦੇ ਪਤੀ ਅਦਰਸ਼ ਮੁਤਾਬਕ ਅਨੀਤਾ ਨੇ ਖੁਦਕੁਸ਼ੀ ਕੀਤੀ ਸੀ। ਜਾਂਚ ਦੌਰਾਨ ਪੁਲਿਸ ਨੂੰ ਮਾਮਲਾ ਸ਼ੱਕੀ ਲੱਗਾ। ਜਦ ਗਹਿਰਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਅਸਲ 'ਚ ਇਹ ਖੁਦਕੁਸ਼ੀ ਨਹੀਂ ਕਤਲ ਦਾ ਮਾਮਲਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਅਨੀਤਾ ਦੇ ਪਰਿਵਾਰ ਮੁਤਾਬਕ ਦੋਨਾਂ ਨੇ ਕੁੱਝ ਸਮਾਂ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ। ਪਰ ਬਿਨਾਂ ਵਜਾ ਦੇ ਸ਼ੱਕ ਕਾਰਨ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਇਸੇ ਝਗੜੇ ਦੇ ਚੱਲਦੇ ਅਦਰਸ਼ ਨੇ ਅਨੀਤਾ ਦਾ ਕਤਲ ਕਰ ਦਿੱਤਾ। ਫਿਲਹਾਲ ਹਰ ਪਲ ਰਾਖੀ ਕਰਨ ਦਾ ਵਾਅਦਾ ਕਰਨ ਵਾਲਾ ਪਤੀ ਆਪਣੀ ਪਤਨੀ ਦੇ ਹੀ ਕਤਲ ਦੇ ਇਲਜ਼ਾਮ 'ਚ ਸਲਾਖਾਂ ਪਿੱਛੇ ਪਹੁੰਚ ਗਿਆ ਹੈ।