ਪਟਿਆਲਾ: ਪੁਲਿਸ ਨੇ ਆਪਣੇ ਮਹਿਕਮੇ ਦੀ ਇੱਕ ਥਾਣੇਦਾਰਨੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਵਰਦੀ 'ਚ ਦਬਕਾ ਮਾਰ ਕੇ ਕਈਆਂ ਨੂੰ ਭਾਜੜ ਪਾਉਣ ਵਾਲੀ ਇਸ ਥਾਣੇਦਾਰਨੀ ਦੇ ਵਰਦੀ ਤਾਂ ਅਸਲੀ ਪਾਈ ਰਹਿੰਦੀ ਸੀ ਪਰ ਰੈਂਕ ਫਰਜੀ ਸੀ। ਮੈਡਮ ਇਸ ਵਰਦੀ ਨਾਲ ਕਈ ਵੱਡੇ ਕਾਰਨਾਮੇ ਕਰ ਚੁੱਕੀ ਹੈ। ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ।
ਦਰਅਸਲ ਇਹ ਪਹਿਲੀ ਤਸਵੀਰ 'ਚ ਪੁਲਿਸ ਦੀ ਵਰਦੀ 'ਚ ਦਿਖਾਈ ਦੇ ਰਹੀ ਹੈ ਮਹਿਲਾ ਅਤੇ ਦੂਜੀ ਤਸਵੀਰ 'ਚ ਮੁੰਹ ਲੁਕੋਂਦੀ ਔਰਤ। ਇਨ੍ਹਾਂ ਦੋਹਾਂ ਤਸਵੀਰਾਂ ਨੂੰ ਦੇਖ ਕੇ ਸ਼ਾਇਦ ਤੁਹਾਡੇ ਮਨ 'ਚ ਕਈ ਸਵਾਲ ਉੱਠ ਰਹੇ ਹੋਣਗੇ। ਉੱਠਣੇ ਲਾਜ਼ਮੀ ਵੀ ਹਨ। ਅਸੀਂ ਦੱਸਦੇ ਹਾਂ ਕਿ ਇਨ੍ਹਾਂ ਦੋਹਾਂ ਤਸਵੀਰਾਂ 'ਚ ਸਮਾਨਤਾ ਕੀ ਹੈ। ਏਐਸਆਈ ਰੈਂਕ ਦੀ ਪੁਲਿਸ ਅਧਿਕਾਰੀ ਤੇ ਪੁਲਿਸ ਦੀ ਗ੍ਰਿਫਤ 'ਚ ਖੜੀ ਮਹਿਲਾ ਦੋਵੇਂ ਇੱਕ ਹੀ ਹਨ। ਇਹ ਹੈ 32 ਸਾਲ ਦੀ ਗੁਰਜੀਤ ਕੌਰ। ਮੈਡਮ 10 ਜਮਾਤਾਂ ਪਾਸ ਹਨ ਤੇ ਇਹਨਾਂ ਦਾ ਕੰਮ ਹੈ ਨਕਲੀ ਪੁਲਿਸਵਾਲੀ ਬਣ ਕੇ ਠੱਗੀ ਮਾਰਨਾ।
ਗੁਰਜੀਤ ਨੂੰ ਕੱਲ੍ਹ ਪਟਿਆਲਾ ਪੁਲਿਸ ਨੇ ਨਕਲੀ ਵਰਦੀ 'ਚ ਘੁੰਮਦਿਆਂ ਗ੍ਰਿਫਤਾਰ ਕੀਤਾ। ਜਦ ਇਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਨਕਲੀ ਵਰਦੀ ਪਿੱਛੇ ਲੁਕੀ ਸ਼ਾਤਿਰ ਔਰਤ ਦੀਆਂ ਕਰਤੂਤਾਂ ਸਾਹਮਣੇ ਆ ਗਈਆਂ। ਅੰਮ੍ਰਿਤਸਰ ਦੀ ਰਹਿਣ ਵਾਲੀ ਗੁਰਜੀਤ ਤਲਾਕਸ਼ੁਦਾ ਹੈ ਤੇ ਆਪਣੇ ਇੱਕ ਸਾਥੀ ਨਾਲ ਪਟਿਆਲਾ ਦੇ ਸਮਾਣਾ 'ਚ ਰਹਿੰਦੀ ਸੀ।
ਇਸਦਾ ਕੰਮ ਸੀ ਪ੍ਰੇਮੀ ਜੋੜਿਆਂ ਨੂੰ ਕਾਬੂ ਕਰਨਾ ਤੇ ਪੈਸੇ ਠੱਗਣਾ। ਕਿਸੇ ਸੁਨਸਾਨ ਥਾਂ ਜਾਂ ਹੋਟਲ 'ਚ ਰੇਡ ਕਰ ਮੁੰਡੇ-ਕੁੜੀ ਨੂੰ ਇਕੱਠੇ ਫੜਦੀ ਸੀ। ਜੋੜਿਆਂ 'ਤੇ ਪਰਚਾ ਦਰਜ ਕਰਨ ਦੀ ਧਮਕੀ ਦਿੰਦੀ ਤੇ ਮੁੰਡੇ-ਕੁੜੀਆਂ ਬਚਣ ਲਈ ਉਸਨੂੰ ਪੈਸੇ ਦੇ ਕੇ ਖਹਿੜਾ ਛੁੜਾਉਂਦੇ। ਪਰ ਪ੍ਰੇਮੀ ਜੋੜਿਆਂ ਨੂੰ ਜੇਲ੍ਹ ਦੀ ਹਵਾ ਖੁਵਾਉਣ ਦੀ ਧਮਕੀ ਦੇਣ ਵਾਲੀ ਗੁਰਜੀਤ ਨੂੰ ਨਹੀਂ ਪਤਾ ਸੀ ਕਿ ਉਹ ਖੁਦ ਹੀ ਸਲਾਖਾਂ ਪਿੱਛੇ ਚਲੀ ਜਾਵੇਗੀ। ਮੈਡਮ ਦਾ ਸਾਥੀ ਅਜੇ ਫਰਾਰ ਹੈ, ਜਿਸ ਦੀ ਪੁਲਿਸ ਨੂੰ ਭਾਲ ਹੈ। ਫਿਲਹਾਲ ਪੁਲਿਸ ਮੈਡਮ ਤੋਂ ਹੋਰ ਵੀ ਗਹਿਰਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹਨਾਂ ਦੇ ਕੀਤੇ ਹੋਰ ਕਾਰਨਾਮਿਆਂ ਬਾਰੇ ਵੀ ਪਤਾ ਲੱਗ ਸਕੇ।