ਅੰਮ੍ਰਿਤਸਰ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜ ਮਾਝੇ ਦੇ ਸਰਹੱਦੀ ਖੇਤਰ ਦੀਆਂ ਅਨਾਜ ਮੰਡੀਆਂ 'ਚ ਕਿਸਾਨਾਂ ਦੀਆਂ ਮੁਸ਼ਕਿਲਾਂ ਜਾਣਨ ਲਈ ਪਹੁੰਚੇ। ਇੱਥੇ ਕਿਸਾਨਾਂ ਨੇ ਕਾਂਗਰਸ ਪ੍ਰਧਾਨ ਸਾਹਮਣੇ ਆਪਣੀਆਂ ਮੁਸ਼ਕਲਾਂ ਦੱਸਦਿਆਂ ਕੰਡਿਆਲੀ ਤਾਰ ਦੇ ਪਾਰ ਜਮੀਨ 'ਚ ਕੰਮ ਕਰਨ ਲਈ ਸਮਾਂ ਵਧਾਉਣ ਦੀ ਮੰਗ ਕੀਤੀ। ਇਸ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਬੀਐਸਐਫ ਦੇ ਡੀਆਈਜੀ ਨੂੰ ਫੋਨ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਬੀਐਸਐਫ ਦੇ ਡੀਆਈਜੀ ਨੂੰ ਫੋਨ ਕਰ ਬੜੀ ਹੀ ਨਿਮਰਤਾ ਨਾਲ ਕਿਸਾਨਾਂ ਦੀ ਮੁਸ਼ਕਲ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਮੁਤਾਬਕ ਕੰਡਿਆਲੀ ਤਾਰ ਦੇ ਪਾਰ ਵਾਲੀਆਂ ਜਮੀਨਾਂ 'ਚ ਕੰਮ ਕਰਨ ਲਈ ਸਿਰਫ 3 ਘੰਟੇ ਦਾ ਸਮਾਂ ਦਿੱਤਾ ਜਾ ਰਿਹਾ ਹੈ। ਇਸ ਵੇਲੇ ਝੋਨੇ ਦੀ ਫਸਲ ਪੱਕ ਕੇ ਤਿਆਰ ਹੈ। ਅਜਿਹੇ 'ਚ ਇੰਨੇ ਸਮੇਂ 'ਚ ਕੰਮ ਖਤਮ ਕਰਨਾ ਮੁਨਾਸਬ ਨਹੀਂ ਹੈ। ਇਸ ਲਈ ਕਿਸਾਨਾਂ ਦੀ ਮੰਗ ਨੂੰ ਮੰਨਦਿਆਂ ਸਮਾਂ ਸਵੇਰ 9 ਤੋਂ ਸ਼ਾਮ 5 ਵਜੇ ਤੱਕ ਦਾ ਕੀਤਾ ਜਾਵੇ।
ਡੀਆਈਜੀ ਨਾਲ ਗੱਲ ਕਰਨ ਤੋਂ ਬਾਅਦ ਕੈਪਟਨ ਨੇ ਕਿਸਾਨਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਕਿਸਾਨਾਂ ਦੀ ਮੰਗ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ। ਕਾਪਟਨ ਦੇ ਇਸ ਭਰੋਸੇ 'ਤੇ ਕਿਸਾਨਾਂ ਦੇ ਚਿਹਰੇ ਖੁਸ਼ ਨਜਰ ਆਏ। ਪਰ ਇਹ ਭਰੋਸਾ ਅਮਲੀ ਰੂਪ ਕਦੋਂ ਧਾਰੇਗਾ, ਕਹਿਣਾ ਮੁਸ਼ਕਲ ਹੈ।