ਬਠਿੰਡਾ: ਸ਼ਹਿਰ ਦੇ ਨੇੜਲੇ ਪਿੰਡ ਗੁਲਾਬਗੜ੍ਹ ਵਿੱਚ ਸਾਧਾਰਨ ਜ਼ਿੰਦਗੀ ਗੁਜ਼ਾਰ ਰਹੇ ਦਲਿਤ ਪਰਿਵਾਰ ਦੀਆਂ ਖੁਸ਼ੀਆਂ ਦਾ ਅੰਤ ਨਹੀਂ ਰਿਹਾ, ਜਦ ਉਨ੍ਹਾਂ ਨੂੰ ਆਪਣੀ ਲਾਟਰੀ ਨਿੱਕਲਣ ਬਾਰੇ ਪਤਾ ਲੱਗਾ। ਪਰਿਵਾਰ ਦੀ ਧੀ ਲਖਵਿੰਦਰ ਕੌਰ ਦੀ ਪੰਜਾਬ ਸਰਕਾਰ ਦੀ ਡੇਢ ਕਰੋੜ ਦੀ ਲਾਟਰੀ ਨਿੱਕਲੀ ਹੈ।
ਲਾਟਰੀ ਨਿੱਕਲਣ ਦਾ ਪਤਾ ਲੱਗਦੇ ਹੀ ਲਖਵਿੰਦਰ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਰਿਸ਼ਤੇਦਾਰ ਅਤੇ ਆਂਢੀ-ਗੁਆਂਢੀ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਣ ਲੱਗੇ। ਲਖਵਿੰਦਰ ਨੇ ਪੰਜਾਬ ਸਰਕਾਰ ਦੇ ਦੀਵਾਲੀ ਬੰਪਰ ਦੀ ਟਿਕਟ ਖਰੀਦੀ ਸੀ।
ਲਖਵਿੰਦਰ ਨੇ ਦੱਸਿਆ ਕਿ ਉਸ ਦੇ ਪਿਤਾ ਹੋਮ ਗਾਰਡ ਵਿੱਚ ਨੌਕਰੀ ਕਰਦੇ ਹਨ, ਪਰ ਉਨ੍ਹਾਂ ਦੇ ਘਰ ਦੀ ਮਾਲੀ ਹਾਲਤ ਠੀਕ ਨਹੀਂ ਹੈ। ਲਾਟਰੀ ਜੇਤੂ ਕੁੜੀ ਦੀ ਇੱਛਾ ਹੈ ਕਿ ਉਹ ਇਸ ਪੈਸੇ ਨਾਲ ਉਚੇਰੀ ਵਿੱਦਿਆ ਹਾਸਲ ਕਰੇਗੀ ਅਤੇ ਚੰਗਾ ਘਰ ਵੀ ਬਣਾਏਗੀ।