Sri Muktsar Sahib News : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਦਿਨ ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਮੁਕਤਸਰ ਸਾਹਿਬ ਦੀ ਪੁਰਾਣੀ ਦਾਣਾ ਮੰਡੀ ਵਿੱਚ ਸੋਮਵਾਰ ਦੁਪਹਿਰ ਤਿੰਨ ਮੋਟਰਸਾਈਕਲ ਸਵਾਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੁਪਹਿਰ ਪੁਰਾਣੀ ਦਾਣਾ ਮੰਡੀ 'ਚ ਸਥਿਤ ਚੀਨੀ-ਚਾਹ ਦੀ ਹੋਲਸੇਲ ਦੀ ਦੁਕਾਨ ਟੀ.ਡੀ ਮਿੱਤਲ ਐਂਡ ਸੰਨ 'ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਏ ਅਤੇ ਬੰਦੂਕ ਦੀ ਨੋਕ 'ਤੇ ਡੇਢ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੁਲੀਸ ਅਨੁਸਾਰ ਜਿਸ ਦੁਕਾਨ ’ਤੇ ਇਹ ਘਟਨਾ ਵਾਪਰੀ ,ਉਸ ਵਿੱਚ ਕੋਈ ਸੀਸੀਟੀਵੀ ਨਹੀਂ ਹੈ ਪਰ ਪੁਲੀਸ ਆਸਪਾਸ ਲੱਗੇ ਸੀਸੀਟੀਵੀ ਚੈੱਕ ਕਰਨ ਵਿੱਚ ਲੱਗੀ ਹੋਈ ਹੈ।

 

ਵਪਾਰੀਆਂ ਦੀ ਜਾਨ ਅਤੇ ਮਾਲ 'ਤੇ ਮੰਡਰਾ ਰਿਹਾ ਖ਼ਤਰਾ


ਇਸ ਘਟਨਾ ਬਾਰੇ ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਨ-ਮਾਲ ਨੂੰ ਖ਼ਤਰਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਨਿੱਤ ਦਿਨ ਇੱਕ ਨਾ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆ ਰਹੀ ਹੈ ,ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।


ਪੈਟਰੋਲ ਪੰਪ ਦੇ ਮੈਨੇਜਰ ਨਾਲ ਵੀ ਹੋਈ ਸੀ ਲੁੱਟ


ਦੱਸ ਦੇਈਏ ਕਿ 2 ਮਈ ਨੂੰ ਮੰਡੀ ਲੱਖੇਵਾਲੀ ਦੇ ਨੰਦਗੜ੍ਹ ਰੋਡ 'ਤੇ ਸਥਿਤ ਪੈਟਰੋਲ ਪੰਪ 'ਤੇ ਵੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ। ਦੇਰ ਰਾਤ ਬਦਮਾਸ਼ਾਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਤਿੰਨ ਲੱਖ ਦੀ ਨਕਦੀ ਖੋਹ ਲਈ ਸੀ। ਇਸ ਦੌਰਾਨ ਬਦਮਾਸ਼ਾਂ ਨੇ ਪੈਟਰੋਲ ਪੰਪ ਦੇ ਦੋ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ ਸੀ ਅਤੇ ਜਦੋਂ ਸੀਸੀਟੀਵੀ ਕੈਮਰੇ ਦੀ ਤਲਾਸ਼ੀ ਲਈ ਗਈ ਤਾਂ 4 ਬਦਮਾਸ਼ ਕੈਮਰੇ 'ਚ ਕੈਦ ਹੋ ਗਏ। ਪੈਟਰੋਲ ਪੰਪ ਦੇ ਮਾਲਕ ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਕਰਮਚਾਰੀ ਰਾਤ ਨੂੰ ਵੀ ਪੈਟਰੋਲ ਪੰਪ 'ਤੇ ਮੌਜੂਦ ਰਹਿੰਦੇ ਹਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੈਟਰੋਲ ਪੰਪ ਲੁੱਟਿਆ ਗਿਆ ਹੈ, ਜਿਸ ਤੋਂ ਬਾਅਦ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੋ ਕਰਮਚਾਰੀ ਲਹੂ-ਲੁਹਾਨ ਪਏ ਸਨ। ਪੰਪ ਦੇ ਮੈਨੇਜਰ ਸੁਨੀਲ ਕੁਮਾਰ ਤੇ ਹੋਰ ਮੁਲਾਜ਼ਮ ਅਜੀਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।