ਚੰਡੀਗੜ੍ਹ: ਸਵੱਛ ਸਰਵੇਖਣ ਦੌਰਾਨ ਭਾਰਤ ਸਰਕਾਰ ਦੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪੰਜਾਬ ਰਾਜ ਦੀਆਂ 10 ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਇਸ ਪ੍ਰਾਪਤੀ ਲਈ ਇਨ੍ਹਾਂ ਸਥਾਨਕ ਸੰਸਥਾਵਾਂ ਦੇ ਪ੍ਰਬੰਧਕਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਸਵੱਛ ਸਰਵੇਖਣ-2022 ‘ਤੇ ਆਧਾਰਿਤ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿਖੇ 01 ਅਕਤੂਬਰ 2022 ਨੂੰ ਇੱਕ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਵੱਛ ਸਰਵੇਖਣ-2022 ਤਹਿਤ ਸੂਬੇ ਦੀਆਂ 10 ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ, ਜਿਨ੍ਹਾਂ ਵਿੱਚ ਬਰੇਟਾ, ਭੀਖੀ, ਮੂਨਕ, ਨਵਾਂ ਸ਼ਹਿਰ, ਨੰਗਲ, ਫਾਜ਼ਿਲਕਾ, ਘੱਗਾ, ਮੰਡੀ ਗੋਬਿੰਦਗੜ੍ਹ, ਦਸੂਹਾ, ਕੁਰਾਲੀ ਤੋਂ ਇਲਾਵਾ ਜਲੰਧਰ ਛਾਉਣੀ (ਕੈਂਟਨ ਬੋਰਡ) ਨੂੰ ਵੀ ਵੱਖ-ਵੱਖ ਵਰਗਾਂ ਵਿੱਚ ਪੁਰਸਕਾਰ ਦਿੱਤੇ ਜਾਣਗੇ।
ਡਾ. ਨਿੱਜਰ ਨੇ ਇਹ ਵੀ ਦੱਸਿਆ ਕਿ 17 ਸਤੰਬਰ 2022 ਨੂੰ ਇੰਡੀਅਨ ਸਵੱਛਤਾ ਲੀਗ ਕਰਵਾਈ ਗਈ ਜਿਸ ਵਿੱਚ ਇਕ ਵਿਸ਼ੇਸ਼ ਸਨਮਾਨ ਪ੍ਰੋਗਰਾਮ ਲਈ 1850 ਯੂ.ਐਲ.ਬੀਜ ਦੀ ਚੋਣ ਕੀਤੀ ਗਈ। ਇਨ੍ਹਾਂ ਵਿਚ ਪੰਜਾਬ ਰਾਜ ਦੀਆਂ ਦੋ ਯੂ.ਐਲ.ਬੀਜ਼.,ਐਮ.ਸੀ., ਮੁਹਾਲੀ ਅਤੇ ਖਰੜ ਨੂੰ ਚੁਣਿਆ ਗਿਆ ਹੈ ਜਿਨ੍ਹਾਂ ਨੂੰ ਇਕ ਵਿਸ਼ੇਸ਼ ਸਨਮਾਨ ਪ੍ਰੋਗਰਾਮ ਦੌਰਾਨ 30 ਅਕਤੂਬਰ 2022 ਨੂੰ ਸਨਮਾਨਿਤ ਕੀਤਾ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਇਹ ਸਥਾਨਕ ਸਰਕਾਰਾਂ ਵਿਭਾਗ ਅਤੇ ਸੂਬੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਹੋਰ ਯੂ.ਐਲ.ਬੀਜ ਨੂੰ ਵੀ ਇਹਨਾਂ ਯੂ.ਐਲ.ਬੀਜ਼. ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ