ਚੰਡੀਗੜ੍ਹ: ਪੰਜਾਬ ਵਿੱਚ ਬੇਅਦਬੀ ਇੱਕ ਵੱਡਾ ਮੁੱਦਾ ਬਣ ਗਿਆ ਹੈ। ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਅਜੇ ਕਿਸੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਨਹੀਂ ਹੋ ਸਕੀ। ਹੋਰ ਤਾਂ ਹੋਰ ਕਈ ਮਾਮਲਿਆਂ ਦੀ ਤਾਂ ਅਸਲੀਅਤ ਵੀ ਸਾਹਮਣੇ ਨਹੀਂ ਆ ਸਕੀ। ਇਹੋ ਕਾਰਨ ਹੈ ਕਿ ਹੁਣ ਸਿੱਖ ਸ਼ਰਧਾਲੂ ਕਾਨੂੰਨ ਆਪਣੇ ਹੱਥ ਲੈਣ ਲੱਗੇ ਹਨ।
ਹਾਸਲ ਵੇਰਵਿਆਂ ਮੁਤਾਬਕ 2015 ਤੋਂ ਲੈ ਕੇ ਹੁਣ ਤਕ 100 ਦੇ ਕਰੀਬ ਬੇਅਦਬੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਪਰ ਕਾਨੂੰਨ ਮੁਤਾਬਕ ਅਜੇ ਤਕ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕੀ। ਇਹੀ ਕਾਰਨ ਹੈ ਕਿ ਹੁਣ ਲੋਕ ਧਰਮ ਦੇ ਇਸ ਗੰਭੀਰ ਮਾਮਲੇ 'ਚ ਖੁਦ ਸਜ਼ਾ ਦੇਣ ਲੱਗ ਪਏ ਹਨ। ਕਾਨੂੰਨ ਵਿਵਸਥਾ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰਾਂ ਵੱਲੋਂ ਇਨ੍ਹਾਂ ਮਾਮਲਿਆਂ 'ਤੇ ਸਿਆਸਤ ਕਰਨ ਨਾਲ ਹਾਲਾਤ ਹੋਰ ਗੁੰਝਲਦਾਰ ਹੋ ਗਏ ਹਨ।
ਦੱਸ ਦਈਏ ਕਿ ਸਭ ਤੋਂ ਵੱਡਾ ਬੇਅਦਬੀ ਦਾ ਮਾਮਲਾ ਅਕਤੂਬਰ 2015 'ਚ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵਾਪਰਿਆ ਸੀ। ਇਸ ਤੋਂ ਇਲਾਵਾ ਇਸੇ ਖੇਤਰ ਦੇ ਭਗਤਾ ਭਾਈ, ਸਮਾਘ, ਬਠਿੰਡਾ, ਮੋਗਾ ਆਦਿ 'ਚ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੀ ਜਾਂਚ 6 ਸਾਲਾਂ 'ਚ ਵੀ ਪੂਰੀ ਨਹੀਂ ਹੋ ਸਕੀ। ਇਸ ਤੋਂ ਇਲਾਵਾ ਵੀ ਕਈ ਅਜਿਹੇ ਮਾਮਲੇ ਹਨ, ਜਿਨ੍ਹਾਂ ਦੀ ਜਾਂਚ ਬਿਲਕੁਲ ਨਹੀਂ ਹੋ ਰਹੀ।
ਸਰਕਾਰਾਂ ਤੇ ਪੁਲਿਸ ਤੋਂ ਨਿਰਾਸ਼ ਹੋ ਕੇ ਹੁਣ ਤਕ ਪੰਜਾਬ 'ਚ ਬੇਅਦਬੀ ਦੇ 5 ਦੋਸ਼ੀਆਂ ਨੂੰ ਲੋਕ ਖੁਦ ਸਜ਼ਾਵਾਂ ਦੇ ਚੁੱਕੇ ਹਨ। ਕਾਨੂੰਨ ਵਿਵਸਥਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਸੰਵੇਦਨਸ਼ੀਲ ਮਾਮਲਿਆਂ ਨੂੰ ਜਲਦੀ ਹੱਲ ਨਾਲ ਕੀਤਾ ਤਾਂ ਹਾਲਾਤ ਵਿਗੜ ਸਕਦੇ ਹਨ। ਇਨ੍ਹਾਂ ਮਾਮਲਿਆਂ ਉੱਪਰ ਸਿਆਸਤ ਕਰਨ ਦੀ ਬਜਾਏ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦੇਣਾ ਬੇਹੱਦ ਜ਼ਰੂਰੀ ਹੈ।
ਦੱਸ ਦਈਏ ਕਿ 1 ਜੂਨ 2015 ਦੀ ਰਾਤ ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਦਾ ਸਰੂਪ ਚੋਰੀ ਹੋ ਗਿਆ ਸੀ। ਇਸ ਤੋਂ ਬਾਅਦ ਅਗਲੇ ਦਿਨ ਪੋਸਟਰ ਲਾ ਦਿੱਤੇ ਗਏ। 12 ਅਕਤੂਬਰ ਨੂੰ ਪਿੰਡ ਦੀਆਂ ਗਲੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖਿੱਲਰੇ ਹੋਏ ਮਿਲੇ ਸਨ। ਇਸ ਮਾਮਲੇ ਤੋਂ ਬਾਅਦ ਸਿੱਖ ਜੱਥੇਬੰਦੀਆਂ ਵੱਲੋਂ ਕੋਟਕਪੂਰਾ ਚੌਂਕ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਬਹਿਬਲ ਕਲਾਂ 'ਚ ਚੱਲ ਰਹੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਮਾਹੌਲ ਗਰਮਾ ਗਿਆ। ਜਦੋਂ ਪੁਲਿਸ ਨੇ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਗੋਲੀਬਾਰੀ ਕਰਨੀ ਪਈ। ਇਸ 'ਚ 2 ਲੋਕਾਂ ਦੀ ਵੀ ਮੌਤ ਹੋ ਗਈ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਣ, ਪਿੰਡ 'ਚ ਪੋਸਟਰ ਲਾਉਣ ਤੇ ਬੇਅਦਬੀ ਦੀਆਂ ਘਟਨਾਵਾਂ ਦੀ ਬਾਜਾਖਾਨਾ ਥਾਣੇ 'ਚ 3 ਐਫਆਈਆਰ ਦਰਜ ਕੀਤੀਆਂ ਗਈਆਂ। ਐਸਪੀਐਸ ਪਰਮਾਰ ਦੀ ਵਿਸ਼ੇਸ਼ ਜਾਂਚ ਟੀਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦੀ ਜਾਂਚ ਕਰ ਰਹੀ ਹੈ, ਜਦਕਿ ਬਾਕੀ 2 ਮਾਮਲਿਆਂ ਦੇ ਚਲਾਨ ਵੀ ਪੇਸ਼ ਕਰ ਦਿੱਤੇ ਗਏ ਹਨ। ਹੁਣ ਤਕ 3 ਐਸਆਈਟੀ ਤੇ ਸੀਬੀਆਈ ਜਾਂਚ ਕਰ ਚੁੱਕੀ ਹੈ, ਪਰ ਸੱਚਾਈ ਸਾਹਮਣੇ ਨਹੀਂ ਆਈ।
ਇਹ ਵੀ ਪੜ੍ਹੋ : Omicorn Variant : ਕੋਵਿਡ ਸੁਪਰਮਾਡਲ ਕਮੇਟੀ ਦੀ ਚੇਤਾਵਨੀ - ਫਰਵਰੀ 'ਚ ਆਵੇਗੀ ਓਮੀਕਰੋਨ ਦੀ ਤੀਜੀ ਲਹਿਰ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904