ਚੰਡੀਗੜ੍ਹ: ਪੰਜਾਬ ਦੀਆਂ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਇੱਕ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ੍ਹ ਦੀ ਅਚਨਚੇਤ ਚੈਕਿੰਗ ਕੀਤੀ ਗਈ। ਐਸਪੀ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਿੱਚ ਮਾਰੇ ਛਾਪੇ ਇਸ ਦੌਰਾਨ ਜੇਲ੍ਹ ਅੰਦਰੋਂ ਮੋਬਾਈਲ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਇਸ ਜੇਲ੍ਹ ਵਿੱਚ ਖੂੰਖਾਰ ਅੱਤਵਾਦੀ ਤੇ ਖ਼ਤਰਨਾਕ ਗੈਂਗਸਟਰ ਬੰਦ ਹਨ।


ਹਾਸਲ ਜਾਣਕਾਰੀ ਮੁਤਾਬਕ ਜੇਲ੍ਹ ਵਿੱਚੋਂ 12 ਮੋਬਾਈਲ ਤੇ ਸਿੰਮ ਕਾਰਡ ਬਰਾਮਦ ਕੀਤੇ ਗਏ। ਅੱਠ ਮੋਬਾਈਲ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋਂ ਬਰਾਮਦ ਕੀਤੇ ਹਨ ਤੇ 4 ਮੋਬਾਈਲ ਅੰਦਰ ਬੈਰਕਾਂ ਵਿੱਚੋਂ ਮਿਲੇ ਹਨ। ਵੱਡਾ ਸਵਾਲ ਤਾਂ ਇਹ ਹੈ ਕਿ ਇਹ ਜੇਲ੍ਹ ਪੰਜਾਬ ਦੀ ਸਭ ਤੋਂ ਹਾਈ ਸਕਿਉਰਟੀ ਜੇਲ੍ਹ ਹੈ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ।

ਇੰਨੀ ਗਿਣਤੀ ਵਿੱਚ ਮੋਬਾਈਲ ਫੋਨਾਂ ਦਾ ਮਿਲਣਾ ਜੇਲ੍ਹ ਪ੍ਰਸ਼ਾਸਨ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦੇ ਹਨ। ਇਸ ਨਾਲ ਜੇਲ੍ਹ ਪ੍ਰਸ਼ਾਸਨ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ। ਇਸ ਛਾਪੇ ਵਿੱਚ ਡੇਢ ਸੌ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਜੇਲ੍ਹ ਦੀ ਚੈਕਿੰਗ ਕੀਤੀ। ਹੁਣ ਕੈਦੀਆਂ ਕੋਲੋਂ ਪੁੱਛ-ਗਿੱਛ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ।