ਲਹਿਰਾਗਾਗਾ : ਸਸਟੋਬਾਲ ਫੈਡਰੇਸ਼ਨ ਆਫ ਇੰਡੀਆ ਦੀ ਪੰਜਾਬ ਇਕਾਈ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਹੋਲੀ ਮਿਸ਼ਨ ਇੰਟਰਨੈਸ਼ਨਲ ਸਕੂਲ ਵਿਚ ਕਰਵਾਈ ਜਾ ਰਹੀ ਤੀਸਰੀ ਸਸਟੋਬਾਲ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਆਏ ਦੇਸ਼ ਭਰ ਦੇ 25 ਰਾਜਾਂ ਦੇ 1200 ਖਿਡਾਰੀਆਂ ਨੇ ਕੰਵਲਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਸਦਭਾਵਨਾ ਰੈਲੀ ਕੱਢੀ, ਜਿਸ ਵਿਚ ਦੇਸ਼ ਦੀ ਅਖੰਡਤਾ ਅਤੇ ਏਕਤਾ ਲਈ ਸੰਦੇਸ਼ ਦਿੱਤਾ। ਇਸ ਰੈਲੀ ਨੂੰ ਪੰਜਾਬੀ ਗਾਇਕ ਤੇ ਫ਼ਿਲਮੀ ਅਦਾਕਾਰ ਕਰਮਜੀਤ ਅਨਮੋਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੈਲੀ ਬਾਈਪਾਸ ਰੋਡ ਤੋਂ ਸ਼ੁਰੂ ਹੋ ਕੇ ਰਾਮੇ ਵਾਲੀ ਖੂਹੀ, ਕਲੋਨੀ ਰੋਡ, ਮੰਦਰ ਚੌਂਕ, ਖਾਈ ਰੋਡ ਹੁੰਦੀ ਹੋਈ ਵਾਪਸ ਹੋਲੀ ਮਿਸ਼ਨ ਸਕੂਲ ਪਰਤ ਕੇ ਸਮਾਪਤ ਹੋਈ।
ਰੈਲੀ ਵਿਚ ਸ਼ਾਮਲ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਦਾ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਥਾਂਈ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਇਨ੍ਹਾਂ ਖਿਡਾਰੀਆਂ ਨੇ ‘ਸਭ ਧਰਮਾਂ ਦਾ ਹੋ ਸਨਮਾਨ-ਮਾਨਵ-ਮਾਨਵ ਏਕ ਸਮਾਨ’, ‘ਆਏ ਹੈ ਬਿਹਾਰ ਸੇ-ਨਫ਼ਰਤ ਮਿਟਾਨੇ ਪਿਆਰ ਸੇ’, ‘ਛੱਤੀਸਗੜ੍ਹ ਕਾ ਨਾਅਰਾ ਹੈ-ਸਾਰਾ ਵਿਸ਼ਵ ਹਮਾਰਾ ਹੈ’, ‘ਹਿਮਾਚਲ ਸੇ ਆਏ ਹੈਂ-ਸ਼ਾਂਤੀ ਕਾ ਸੰਦੇਸ਼ ਲਾਏ ਹੈ’, ‘ਉਤਰਾਖੰਡ ਕਾ ਯੇਹ ਸੰਦੇਸ਼-ਅਖੰਡ ਰਹੇਗਾ ਭਾਰਤ ਦੇਸ਼’ ਅਤੇ ‘ਜੋੜੋ-ਜੋੜੋ ਭਾਰਤ ਜੋੜੋ’ ਦੇ ਨਾਅਰੇ ਗੂੰਜਾਏ। ਕਰਮਜੀਤ ਅਨਮੋਲ ਨੇ ‘ਯਾਰਾ ਵੇ ਯਾਰਾ’ ਗਾਣਾ ਗਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ।
ਰੈਲੀ ਕੱਢਣ ਮਗਰੋਂ ਸਕੂਲ ਕੈਂਪਸ ਵਿਖੇ ਪਹੁੰਚੇ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਕੌਮੀ ਝੰਡਾ ਲਹਿਰਾ ਕੇ ਖੇਡਾਂ ਦੀ ਸ਼ੁਰੂਆਤ ਕਰਵਾਈ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਵਿਸ਼ਵਾਸ ਦਿਵਾਇਆ ਕਿ ਸਸਟੋਬਾਲ ਖੇਡ ਨੂੰ ਹੋਰ ਉੱਚਾ ਚੁੱਕਣ ਲਈ ਉਹ ਬਣਦੇ ਯਤਨ ਕਰਨਗੇ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਸੱਦਾ ਦਿੱਤਾ ਅਤੇ ਪ੍ਰਬੰਧਕਾਂ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਪੰਜਾਬ ਨੇ ਪੱਛਮੀ ਬੰਗਾਲ ਨੂੰ ਹਰਾ ਕੇ ਆਪਣੀ ਜਿੱਤ ਦੇ ਝੰਡੇ ਗੱਡੇ।
ਇਸ ਮੌਕੇ ਰਾਸ਼ਟਰੀ ਚੇਅਰਮੈਨ ਰੀਫੁੱਲਾ, ਰਾਸ਼ਟਰੀ ਜਨਰਲ ਸੈਕਟਰੀ ਅਕੂਬ ਮੁਹਮੰਦ, ਸੂਬਾ ਪ੍ਰਧਾਨ ਸੰਦੀਪ ਮਲਾਣਾ, ਚੇਅਰਮੈਨ ਮਨਦੀਪ ਸਿੰਘ ਬਰਾੜ, ਬਲਵਿੰਦਰ ਸਿੰਘ ਧਾਲੀਵਾਲ, ਕੋਚ ਗੁਰਦੀਪ ਸਿੰਘ ਘੱਗਾ, ਦਵਿੰਦਰ ਸਿੰਘ ਭਾਈ ਕੀ ਪਿਸ਼ੌਰ, ਫਿਲਮੀ ਅਦਾਕਾਰ ਪਰਮ ਢਿੱਲੋਂ, ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਖੇਡ ਪ੍ਰੇਮੀ ਗੁਰਲਾਲ ਸਿੰਘ, ਪਵਿੱਤਰ ਸਿੰਘ ਗੰਢੂਆਂ, ਡਾ. ਬਿਹਾਰੀ ਮੰਡੇਰ, ਗੁਰਮੇਲ ਸਿੰਘ ਖਾਈ, ਪ੍ਰਧਾਨ ਕਸ਼ਮੀਰਾ ਸਿੰਘ ਜਲੂਰ ਮੌਜੂਦ ਸਨ। ਸਤਪਾਲ ਸਿੰਘ ਖਡਿਆਲ ਨੇ ਮੰਚ ਸੰਚਾਲਨ ਕੀਤਾ।