ਸ੍ਰੀ ਮੁਕਤਸਰ ਸਾਹਿਬ ਦੀ ਨਾਰੰਗ ਕਲੋਨੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਮੈਂਬਰ ਆਪਣੀ ਧੀ ਦੇ ਵਿਆਹ ਲਈ ਪੈਲੇਸ ਗਏ ਹੋਏ ਸਨ, ਜਿਵੇਂ ਹੀ ਉਹ ਆਪਣੀ ਧੀ ਦੀ ਡੋਲੀ ਤੋਰਨ ਤੋਂ ਬਾਅਦ ਘਰ ਪਰਤੇ ਤਾਂ ਉਹ ਹੈਰਾਨ ਰਹਿ ਗਏ।  ਜਦੋਂ ਪਰਿਵਾਰ ਧੀ ਦੇ ਵਿਆਹ ਸਮਾਗਮ ਵਿੱਚ ਰੁੱਝਿਆ ਹੋਇਆ ਸੀ, ਤਾਂ ਚੋਰ ਘਰ ਵਿੱਚ ਦਾਖਲ ਹੋਏ ਅਤੇ ਚੋਰੀ ਕਰ ਲਈ। ਪਰਿਵਾਰਕ ਮੈਂਬਰਾਂ ਦੀ ਗੈਰਹਾਜ਼ਰੀ ਦਾ ਫਾਇਦਾ ਉਠਾਉਂਦੇ ਹੋਏ, ਉਹ 13 ਲੱਖ ਰੁਪਏ ਨਕਦ ਤੇ ਢਾਈ ਤੋਲੇ ਵਜ਼ਨ ਦਾ ਸੋਨੇ ਦਾ ਸੈੱਟ ਲੁੱਟ ਕੇ ਲੈ ਗਏ।

ਘਰ ਦੇ ਮਾਲਕ ਹਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਉਹ ਕੋਟਕਪੂਰਾ ਰੋਡ ਬਾਈਪਾਸ 'ਤੇ ਦੁੱਧ ਦੀ ਡੇਅਰੀ ਦੀ ਦੁਕਾਨ ਚਲਾਉਂਦਾ ਹੈ। ਉਸਦੀ ਧੀ ਦਾ ਵਿਆਹ ਐਤਵਾਰ ਰਾਤ ਨੂੰ ਸੀ ਤੇ ਸ਼ਹਿਰ ਦਾ ਇੱਕ ਪੈਲੇਸ ਬੁੱਕ ਕੀਤਾ ਗਿਆ ਸੀ। ਪੂਰਾ ਪਰਿਵਾਰ ਘਰ ਨੂੰ ਤਾਲਾ ਲਗਾ ਚੁੱਕਾ ਸੀ ਅਤੇ ਪੈਲੇਸ ਵਿੱਚ ਵਿਆਹ ਸਮਾਗਮ ਵਿੱਚ ਰੁੱਝਿਆ ਹੋਇਆ ਸੀ।

ਧੀ ਦੀ ਡੋਲੀ ਨੂੰ ਵਿਦਾ ਕਰਨ ਤੋਂ ਬਾਅਦ ਜਦੋਂ ਸਾਰੇ ਘਰ ਵਾਪਸ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਅੰਦਰ ਸਾਮਾਨ ਖਿੰਡਿਆ ਹੋਇਆ ਸੀ ਤੇ ਅਲਮਾਰੀ ਵੀ ਖੁੱਲ੍ਹੀ ਸੀ। ਜਦੋਂ ਅਲਮਾਰੀ ਦੀ ਜਾਂਚ ਕੀਤੀ ਗਈ ਤਾਂ ਢਾਈ ਤੋਲੇ ਸੋਨੇ ਦਾ ਸੈੱਟ, ਕੰਨਾਂ ਦੀਆਂ ਵਾਲੀਆਂ ਅਤੇ 13 ਲੱਖ ਰੁਪਏ ਦੀ ਨਕਦੀ ਗਾਇਬ ਸੀ। ਉਨ੍ਗਾਂ ਨੂੰ ਸ਼ੱਕ ਹੈ ਕਿ ਇਹ ਚੋਰੀ ਕਿਸੇ ਜਾਣਕਾਰ ਨੇ ਕੀਤੀ ਹੈ।

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਚੋਰੀ ਹੋਇਆ ਸੋਨੇ ਦਾ ਸੈੱਟ ਨਵੀਂ ਵਿਆਹੀ ਧੀ ਨੂੰ ਦੇਣਾ ਸੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਜਸਕਰਨਦੀਪ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਤੇ ਘਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਜਿੰਨਾ ਪਰਿਵਾਰ ਧੀ ਦੇ ਵਿਆਹ ਨੂੰ ਲੈ ਕੇ ਖੁਸ਼ ਸੀ, ਓਨਾ ਹੀ ਚੋਰੀ ਦੀ ਘਟਨਾ ਕਾਰਨ ਦੁਖੀ ਵੀ ਹੋ ਗਿਆ ਹੈ। 

ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰ ਦੀ ਜਲਦੀ ਭਾਲ ਕੀਤੀ ਜਾਵੇ ਤੇ ਉਨ੍ਹਾਂ ਦੇ ਪੈਸੇ ਤੇ ਸਾਮਾਨ ਬਰਾਮਦ ਕੀਤਾ ਜਾਵੇ। ਸਿਟੀ ਪੁਲਿਸ ਸਟੇਸ਼ਨ ਇੰਚਾਰਜ ਜਸਕਰਨਦੀਪ ਸਿੰਘ ਨੇ ਕਿਹਾ ਕਿ ਜਾਂਚ ਜਾਰੀ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਹੈ। ਜਲਦੀ ਹੀ ਚੋਰ ਦੀ ਪਛਾਣ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।