ਅੰਮ੍ਰਿਤਸਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸੰਗਤ ਪੱਬਾਂ ਭਾਰ ਹੈ। ਇਸ ਮੌਕੇ ਪਹਿਲਾ ਜੱਥਾ ਬਾਬਾ ਨਾਨਕ ਦੇ ਜਨਮ ਦਿਨ ‘ਤੇ ਕਰਤਾਰਪੁਰ ਜਾਣ ਲਈ ਕੱਲ੍ਹ ਰਵਾਨਾ ਹੋਵੇਗਾ। ਐਸਜੀਪੀਸੀ ਨੇ 1303 ਸ਼ਰਧਾਲੂਆਂ ਨੂੰ ਪਾਸਪੋਰਟ ਵੰਡੇ ਹਨ ਜਿਨ੍ਹਾਂ ਨੂੰ ਵੀਜ਼ਾ ਮਿਲਿਆ ਹੈ। ਜਦਕਿ ਕੁੱਲ 1645 ਸ਼ਰਧਾਲੂਆਂ ਨੇ ਆਪਣੇ ਪਾਸਪੋਰਟ ਜਮ੍ਹਾਂ ਕਰਵਾਏ ਸੀ।

ਪਹਿਲਾ ਜੱਥਾ ਪਾਕਿਸਤਾਨ ਦੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰ ਵਾਪਸੀ ਕਰੇਗਾ। ਇਸ ਦੇ ਨਾਲ ਹੀ ਐਸਜੀਪੀਸੀ ਨੇ ਕਿਹਾ ਕਿ ਸ਼ਰਧਾਲੂ ਪਾਕਿ ‘ਚ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਦ, ਪੰਜਾ ਸਾਹਿਬ ਦੇ ਨਾਲ-ਨਾਲ ਹੋਰ ਗੁਰਦੁਆਰਿਆਂ ‘ਚ ਸ਼੍ਰੀ ਗੁਰੂ ਨਾਨਕ ਦੇਵ ਦੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣਗੇ।



ਐਸਜੀਪੀਸੀ ਦੇ ਮੁੱਖ ਸਕੱਤਰ ਰੂਪ ਸਿੰਘ ਦਾ ਕਹਿਣਾ ਹੈ ਕਿ 1645 ਸ਼ਰਧਾਲੂਆਂ ਦੇ ਪਾਸਪੋਰਟ ਭੇਜੇ ਗਏ ਸੀ ਜਿਨ੍ਹਾਂ ‘ਚ 1303 ਸ਼ਰਧਾਲੂਆਂ ਦੇ ਵੀਜ਼ੇ ਲੱਗੇ ਹਨ। 342 ਸ਼ਰਧਾਲੂਆਂ ਨੂੰ ਕਿਸੇ ਕਾਰਨ ਵੀਜ਼ਾ ਨਹੀਂ ਮਿਲ ਸਕਿਆ। ਇਸ ਦੇ ਨਾਲ ਉਨ੍ਹਾਂ ਕਿਹਾ ਕਿ 5 ਤਾਰੀਖ ਨੂੰ ਸ਼ਰਧਾਲੂਆਂ ਦਾ ਜੱਥਾ ਰਵਾਨਾ ਹੋ ਕੇ 13 ਨਵੰਬਰ ਨੂੰ ਉੱਥੋਂ ਪਰਤੇਗਾ।