ਜਲੰਧਰ: ਪਿਛਲੇ 10 ਦਿਨ ਤੋਂ ਜਲੰਧਰ ਦੇ ਸਿਵਲ ਹਸਪਤਾਲ ਤੋਂ ਲਾਪਤਾ 14 ਸਾਲ ਦੀ ਬੱਚੀ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ। ਪੂਜਾ ਨਾਂ ਦੀ ਬੱਚੀ ਆਪਣੀ ਮਾਂ ਦੇ ਇਲਾਜ ਦੌਰਾਨ ਸਿਵਲ ਹਸਪਤਾਲ ਵਿੱਚ ਮੌਜੂਦ ਸੀ। ਥਾਣਾ ਚਾਰ ਦੀ ਐਡੀਸ਼ਨਲ ਐਸਐਚਓ ਗੁਰਦੀਪ ਕੌਰ ਨੇ ਦੱਸਿਆ ਕਿ ਜਸਵਿੰਦਰ ਕੌਰ ਨਾਂ ਦੀ ਔਰਤ 16 ਮਾਰਚ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਹੋਈ ਸੀ। ਉਸ ਦੀ ਬੇਟੀ ਪੂਜਾ ਉਸ ਦੇ ਨਾਲ ਰੁਕਦੀ ਸੀ। 17 ਮਾਰਚ ਨੂੰ ਸਵੇਰੇ ਜਸਵਿੰਦਰ ਨੇ ਵੇਖਿਆ ਕਿ ਉਸ ਦੀ ਬੇਟੀ ਉਸ ਕੋਲ ਮੌਜੂਦ ਨਹੀਂ ਹੈ। ਫਗਵਾੜਾ ਦੇ ਪਿੰਡ ਬੋਹਾਨੀ ਦੀ ਰਹਿਣ ਵਾਲੀ ਜਸਵਿੰਦਰ ਨੇ 10 ਦਿਨ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਪਹਿਲਾਂ ਉਹ ਆਪਣੇ ਪੱਧਰ 'ਤੇ ਰਿਸ਼ਤੇਦਾਰਾਂ ਦੇ ਘਰ ਕੁੜੀ ਦੀ ਤਲਾਸ਼ ਕਰਦੀ ਰਹੀ। ਐਸਐਚਓ ਗੁਰਦੀਪ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਸ਼ਿਕਾਇਤ ਮਿਲੀ ਤਾਂ ਅਸੀਂ ਸਿਵਲ ਹਸਪਤਾਲ ਦੇ ਸੀਸੀਟੀਵੀ ਚੈੱਕ ਕਰਵਾਏ। ਉੱਥੇ ਸਿਰਫ ਹਫਤੇ ਦੀ ਫੁਟੇਜ ਹੈ ਜਦਕਿ ਮਾਮਲਾ 10 ਦਿਨ ਪੁਰਾਣਾ ਹੈ। ਅਸੀਂ ਕੇਸ ਦਰਜ ਕਰ ਲਿਆ ਹੈ। ਬੱਚੀ ਦੀ ਫੋਟੋ ਸੂਬੇ ਦੇ ਸਾਰੇ ਥਾਣਿਆਂ ਵਿੱਚ ਭੇਜ ਦਿੱਤੀ ਗਈ ਹੈ। ਬੱਚੀ ਦਾ ਮਾਮਲਾ ਹੈ ਇਸ ਲਈ ਅਸੀਂ ਹਰ ਐਂਗਲ ਤੋਂ ਇਸ ਦੀ ਜਾਂਚ ਕਰ ਰਹੇ ਹਾਂ। ਉਮੀਦ ਹੈ ਕਿ ਜਲਦ ਬੱਚੀ ਨੂੰ ਟ੍ਰੇਸ ਕਰ ਲਿਆ ਜਾਵੇਗਾ।