ਚੰਡੀਗੜ੍ਹ/ਜੰਮੂ: ਦੱਖਣੀ ਕਸ਼ਮੀਰ 'ਚ ਸਥਿਤ ਪਵਿੱਤਰ ਅਮਰਨਾਥ ਗੁਫਾ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਕਈ ਲੋਕ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ 16 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। NDRF ਦੇ ਡੀਜੀ ਅਤੁਲ ਕਰਵਲ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਇਸ ਹਾਦਸੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਕਈ ਲੋਕ ਜ਼ਖਮੀ ਹੋਏ ਹਨ। NDRF, SDRF ਅਤੇ ਹੋਰ ਸਹਿਯੋਗੀ ਏਜੰਸੀਆਂ ਨੂੰ ਬਚਾਅ ਕਾਰਜ ਲਈ ਐਕਟਿਵ ਕਰ ਦਿੱਤਾ ਗਿਆ ਹੈ।ਸ਼ਨੀਵਾਰ ਸਵੇਰੇ ਸਾਰੀਆਂ ਲਾਸ਼ਾਂ ਨੂੰ ਬਾਲਟਾਲ ਭੇਜ ਦਿੱਤਾ ਗਿਆ ਹੈ।


ਇਸ ਘਟਨਾ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੱਖ ਪ੍ਰਗਟ ਕੀਤਾ ਹੈ, "ਪਵਿੱਤਰ ਸ੍ਰੀ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਖ਼ਬਰ ਨੇ ਚਿੰਤਾ ਵਧਾ ਦਿੱਤੀ ਹੈ…ਕਈ ਸ਼ਰਧਾਲੂਆਂ ਦੀ ਮੌਤ ਅਤੇ ਕਈ ਲਾਪਤਾ ਹੋ ਗਏ ਨੇ ...ਬਾਬਾ ਦੇ ਦਰਸ਼ਨ ਕਰਨ ਗਏ ਸ਼ਰਧਾਲੂਆਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕੀ ਬਾਕੀ ਸ਼ਰਧਾਲੂਆਂ ‘ਤੇ ਮਿਹਰ ਭਰਿਆ ਹੱਥ ਰੱਖਣ…."









ਆਈਟੀਬੀਪੀ ਪੀਆਰਓ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ, ਮੀਂਹ ਅਜੇ ਵੀ ਜਾਰੀ ਹੈ। ਖਤਰੇ ਦੇ ਪੱਧਰ ਨੂੰ ਦੇਖਦੇ ਹੋਏ ਇਲਾਕੇ 'ਚ ਪਾਣੀ ਭਰ ਜਾਣ ਕਾਰਨ ਅਮਰਨਾਥ ਯਾਤਰਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜੇਕਰ ਮੌਸਮ ਆਮ ਵਾਂਗ ਰਹਿੰਦਾ ਹੈ ਅਤੇ ਅਸਥਾਈ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਕੱਲ੍ਹ ਤੋਂ ਯਾਤਰਾ ਮੁੜ ਸ਼ੁਰੂ ਕੀਤੀ ਜਾ ਸਕਦੀ ਹੈ। ਜ਼ਖਮੀਆਂ ਨੂੰ ਇਲਾਜ ਲਈ ਏਅਰਲਿਫਟ ਕੀਤਾ ਜਾ ਰਿਹਾ ਹੈ।


ਪੀਐਮ ਮੋਦੀ ਨੇ ਪ੍ਰਗਟ ਕੀਤਾ ਦੁੱਖ 
ਹਾਦਸੇ 'ਤੇ ਦੁੱਖ ਜ਼ਾਹਰ ਕਰਦੇ ਹੋਏ ਪੀਐਮ ਨਰਿੰਦਰ ਮੋਦੀ ਨੇ ਕਿਹਾ, "ਅਮਰਨਾਥ ਗੁਫਾ ਦੇ ਕੋਲ ਬੱਦਲ ਫਟਣ ਨਾਲ ਮੈਂ ਦੁਖੀ ਹਾਂ। ਦੁਖੀ ਪਰਿਵਾਰਾਂ ਦੇ ਪ੍ਰਤੀ ਹਮਦਰਦੀ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਗੱਲ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ । ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।


ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਈ ਜਾਣਕਾਰੀ 
ਇਸ ਹਾਦਸੇ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ''ਮੈਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਗੱਲ ਕੀਤੀ ਹੈ ਅਤੇ ਬਾਬਾ ਅਮਰਨਾਥ ਜੀ ਦੀ ਗੁਫਾ ਦੇ ਨੇੜੇ ਬੱਦਲ ਫਟਣ ਕਾਰਨ ਆਏ ਹੜ੍ਹ ਸਬੰਧੀ ਸਥਿਤੀ ਬਾਰੇ ਜਾਣਕਾਰੀ ਲਈ ਹੈ।'' ਉਨ੍ਹਾਂ ਨੇ ਕਿਹਾ, 'ਮੈਂ ਐੱਨ.ਡੀ.ਆਰ.ਐੱਫ., ਸੀ.ਆਰ.ਪੀ.ਐੱਫ., ਬੀ.ਐੱਸ.ਐੱਫ. ਸਥਾਨਕ ਪ੍ਰਸ਼ਾਸਨ ਬਚਾਅ ਕਾਰਜਾਂ ਵਿੱਚ ਲੱਗਾ ਹੋਇਆ ਹੈ। ਜਾਨਾਂ ਬਚਾਉਣਾ ਸਾਡੀ ਪਹਿਲ ਹੈ। ਮੈਂ ਸਾਰੇ ਸ਼ਰਧਾਲੂਆਂ ਦੀ ਸ਼ੁਭ ਕਾਮਨਾਵਾਂ ਕਰਦਾ ਹਾਂ।"