'ਆਪ' ਦਾ ਪਲਟਵਾਰ: ਅਕਾਲੀ ਤੇ ਕਾਂਗਰਸੀ ਸਬੂਤਾਂ ਨਾਲ ਘੇਰੇ
ਏਬੀਪੀ ਸਾਂਝਾ | 09 Jul 2016 11:17 AM (IST)
ਚੰਡੀਗੜ੍ਹ: ਯੂਥ ਮੈਨੀਫੈਸਟੋ ਦੇ ਪਹਿਲੇ ਪੰਨੇ 'ਤੇ ਦਰਬਾਰ ਸਾਹਿਬ ਦੀ ਫੋਟੋ ਨਾਲ ਆਪਣੀ ਪਾਰਟੀ ਦਾ ਨਿਸ਼ਾਨ ਝਾੜੂ ਲਾ ਕੇ ਕਸੂਤੀ ਫਸੀ ਆਮ ਆਦਮੀ ਪਾਰਟੀ ਨੇ ਹੁਣ ਅਕਾਲੀਆਂ ਤੇ ਕਾਂਗਰਸੀਆਂ 'ਤੇ ਵਾਰ ਕੀਤਾ ਹੈ। 'ਆਪ' ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਵੀਡੀਓ ਤੇ ਦੋ ਫੋਟੋਆਂ ਜਾਰੀ ਕਰਕੇ ਅਕਾਲੀਆਂ ਤੇ ਕਾਂਗਰਸੀਆਂ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਹੈ। ਖਹਿਰਾ ਵੱਲੋਂ ਜਾਰੀ ਵੀਡੀਓ ਵਿੱਚ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਤੇ ਕਾਂਗਰਸੀ ਵਿਧਾਇਕਾ ਬੀਬੀ ਪਰਨੀਤ ਕੌਰ ਗੁਰੂ ਗ੍ਰੰਥ ਸਾਹਿਬ ਨੂੰ ਹਿੰਦੂ ਰਿਵਾਜਾਂ ਮੁਤਾਬਕ ਤਿਲਕ ਲਾ ਰਹੇ ਹਨ ਤੇ ਆਰਤੀ ਉਤਾਰ ਰਹੇ ਹਨ। ਇਸ ਦੇ ਨਾਲ ਹੀ ਖਹਿਰਾ ਵੱਲੋਂ ਦੋ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਕਾਂਗਰਸ ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਨੂੰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਹੁਣ ਅਕਾਲੀ ਤੇ ਕਾਂਗਰਸੀ ਆਗੂਆਂ ਖਿਲਾਫ ਵੀ ਧਾਰਾ 295 (ਏ) ਤਹਿਤ ਐਫ.ਆਈ.ਆਰ. ਦਰਜ ਕੀਤੀ ਜਾਵੇ। ਖਹਿਰਾ ਨੇ ਇਹ ਵੀ ਇਲਜ਼ਾਮ ਲਾਏ ਹਨ ਕਿ ਅਕਾਲੀ ਦਲ ਤੇ ਕਾਂਗਰਸ ਮਿਲਕੇ 'ਆਪ' ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਅਕਾਲ ਤਖਤ ਸਾਹਿਬ, ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ। ਖਹਿਰਾ ਨੇ ਪੁੱਛਿਆ ਹੈ ਕਿ ਕੀ ਹੁਣ ਅਕਾਲੀ ਤੇ ਕਾਂਗਰਸੀ ਲੀਡਰਾਂ ਤੇ ਵੀ ਬਣਦੀ ਕਾਰਵਾਈ ਕੀਤਾ ਜਾਵੇਗੀ ਜਾਂ ਇਹ ਕਾਨੂੰਨ ਸਿਰਫ ਆਮ ਆਦਮੀ ਪਾਰਟੀ ਲਈ ਹੈ?