Punjab News: ਗ੍ਰੰਥੀ ਸਿੰਘਾਂ ਨੂੰ ਸਰਕਾਰ ਵੱਲੋਂ ਹਰ ਮਹੀਨੇ ਸਨਮਾਨ ਰਾਸ਼ੀ ਦੇਣਾ ਸਹੀ ਹੈ ਜਾਂ ਗਲਤ। ਕੀ ਇਸ ਨਾਲ ਸਰਕਾਰਾਂ ਗੁਰਦੁਆਰਿਆਂ ਉਪਰ ਕੰਟਰੋਲ ਲੈਣਗੀਆਂ। ਹੁਣ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੈ। ਇਸ ਦੇ ਨਾਲ ਹੀ ਸਨਮਾਨ ਰਾਸ਼ੀ ਦੇਣ ਦਾ ਐਲਾਨ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਨੀਅਤ ਉਪਰ ਵੀ ਸਵਾਲ ਖੜ੍ਹੇ ਹੋ ਰਹੇ ਹਨ। ਕਈ ਸਿੱਖ ਸੰਸਥਾਵਾਂ ਇਸ ਐਲਾਨ ਨੂੰ ਗ੍ਰੰਥੀ ਸਿੰਘਾਂ ਦਾ ਅਪਮਾਨ ਤੱਕ ਕਰਾਰ ਦੇ ਰਹੀਆਂ ਹਨ।
ਦਰਅਸਲ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਮੌਕੇ ਵਾਅਦਾ ਕੀਤਾ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਗ੍ਰੰਥੀਆਂ ਤੇ ਪੁਜਾਰੀਆਂ ਨੂੰ 18,000 ਰੁਪਏ ਮਹੀਨਾ ਸਨਮਾਨ ਰਾਸ਼ੀ ਦੇਣਗੇ। ਇਸ ਸਬੰਧ ਵਿੱਚ ਦਲ ਖ਼ਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਗ੍ਰੰਥੀ ਸਿੰਘ ਗੁਰੂ ਘਰ ਦੇ ਵਜ਼ੀਰ ਦੀ ਹੈਸੀਅਤ ਰੱਖਦੇ ਹਨ। ਉਨ੍ਹਾਂ ਨੂੰ ਸੰਗਤ ਵੱਲੋਂ ਆਏ ਚੜ੍ਹਾਵੇ ਵਿੱਚੋਂ ਮਾਇਆ ਭੇਟ ਕੀਤੀ ਜਾਂਦੀ ਹੈ। ਉਹ ਕਿਸੇ ਸਰਕਾਰੀ ਖ਼ਜ਼ਾਨੇ ਦੀ ਮਦਦ ਦੇ ਮੁਹਤਾਜ ਨਹੀਂ ਹੋ ਸਕਦੇ।
ਮੰਡ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਲੈਣ ਦੇ ਮਨੋਰਥ ਨਾਲ ਕੀਤੀ ਇਹ ਪੇਸ਼ਕਸ਼ ਗ੍ਰੰਥੀਆਂ ਦਾ ਅਪਮਾਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਅਜਿਹਾ ਕਰਕੇ ਸਿੱਖ ਗੁਰਦੁਆਰਿਆਂ ਦੀ ਸਟੇਜ ਉੱਤੇ ਸਿੱਧਾ-ਅਸਿੱਧਾ ਕੰਟਰੋਲ ਕਰਨ ਦੀ ਨੀਅਤ ਰੱਖਦੇ ਹਨ, ਜੋ ਪੰਥ ਨੂੰ ਪ੍ਰਵਾਨ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਿੰਦੂਤਵੀਆਂ ਦੀ ਅਕਾਲੀ ਦਲ ਨਾਲ ਰਹੀ ਲੰਮੀ ਸਾਂਝ ਕਾਰਨ ਪਹਿਲਾਂ ਹੀ ਸਿੱਖੀ ਤੇ ਸਿੱਖ ਸਿਧਾਂਤਾਂ ਅੰਦਰ ਵਿਗਾੜ ਪੈ ਚੁੱਕਿਆ ਹੈ।
ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਤਖ਼ਤ ਤੋਂ ਆਦੇਸ਼ ਜਾਰੀ ਕਰਕੇ ਇਸ ਦਾ ਗੰਭੀਰ ਨੋਟਿਸ ਲੈਣ ਤੇ ਦਿੱਲੀ ਕਮੇਟੀ ਸਣੇ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਤੇ ਸਥਾਨਕ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਨੂੰ ਖ਼ਬਰਦਾਰ ਕਰਨ ਕਿ ਉਹ ਸਿੱਖੀ ਅੰਦਰ ਘੁਸਪੈਠ ਦੇ ਇਸ ਚੋਰਮੋਰੀ ਦੇ ਝਾਂਸੇ ਤੋ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਅੱਜ ਜੋ ਇਹ ਪੈਂਤੜਾ ਦਿੱਲੀ ਵਿੱਚ ਖੇਡਿਆ ਜਾ ਰਿਹਾ ਹੈ, ਕੱਲ੍ਹ ਨੂੰ ਇਹ ਪੰਜਾਬ ਚੋਣਾਂ ਵਿੱਚ ਵੀ ਵਰਤਿਆ ਜਾਵੇਗਾ।