ਚੰਡੀਗੜ੍ਹ: ਕਾਂਗਰਸ ਲਈ ਨਵੀਂ ਮੁਸੀਬਤ ਖੜ੍ਹੀ ਹੋਣ ਦੇ ਆਸਾਰ ਹਨ। ਸੀਨੀਅਰ ਕਾਂਗਰਸੀ ਲੀਡਰ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਚੁਰਾਸੇ ਕਤਲੇਆਮ ਕੇਸ ਵਿੱਚ ਘਿਰਦੇ ਜਾ ਰਹੇ ਹਨ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਕਮਲਨਾਥ ਖਿਲਾਫ ਪੁਖਤਾ ਸਬੂਤ ਹਨ। ਇਸ ਲਈ ਉਨ੍ਹਾਂ ਖਿਲਾਫ ਮਜ਼ਬੂਤ ਕੇਸ ਬਣਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾਨਾਵਤੀ ਕਮਿਸ਼ਨ ਨੇ ਕੇਸ ਮਜ਼ਬੂਤ ਹੋਣ ਦੇ ਬਾਵਜੂਦ ਸ਼ੱਕ ਦੇ ਅਧਾਰ ’ਤੇ ਕਮਲਨਾਥ ਨੂੰ ਬਰੀ ਕੀਤਾ ਸੀ।


ਸਿੱਖ ਕਤਲੇਆਮ ਦਾ ਕੇਸ ਲੜ ਰਹੇ ਵਕੀਲ ਐਚਐਸ ਫੂਲਕਾ ਦਾ ਦਾਅਵਾ ਹੈ ਕਿ ਕਮਲਨਾਥ ਖਿਲਾਫ਼ ਕੇਸ ਸੱਜਣ ਕੁਮਾਰ ਨਾਲੋਂ ਵੀ ਮਜ਼ਬੂਤ ਹੈ। ਇਸ ਦਾ ਕਾਰਨ ਇਹ ਹੈ ਕਿ ਸੱਜਣ ਕੁਮਾਰ ਤੇ ਹੋਰਨਾਂ ਨੇ ਨਵੰਬਰ 1 ਤੇ 2 ਨੂੰ ਦਿੱਲੀ ਵਿੱਚ ਆਪਣੀ ਮੌਜੂਦਗੀ ਤੋਂ ਇਨਕਾਰ ਕੀਤਾ ਸੀ ਜਦੋਂ ਇੱਕੋ ਪਰਿਵਾਰ ਦੇ ਪੰਜ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ ਜਦੋਂਕਿ ਕਮਲਨਾਥ ਨੇ 1 ਨਵੰਬਰ, 1984 ਵਿੱਚ ਗੁਰਦੁਆਰਾ ਰਕਾਬਗੰਜ ਵਿੱਚ ਆਪਣੀ ਮੌਜੂਦਗੀ ਮੰਨੀ ਹੈ। ਉਸ ਦਿਨ ਦੋ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਤੇ ਫਿਰਕੂ ਭੀੜ ਨੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਸੀ। ਪੁਲਿਸ ਰਿਕਾਰਡ ਵਿੱਚ ਦਰਜ ਹੈ ਕਿ ਘਟਨਾ ਵੇਲੇ ਕਮਲਨਾਥ ਗੁਰਦੁਆਰੇ ਵਿੱਚ ਮੌਜੂਦ ਸੀ।

ਫੂਲਕਾ ਦੀ ਹਵਾਲੇ ਨਾਲ ਮੀਡੀਆ ਵਿੱਚ ਛਪੀ ਰਿਪੋਰਟ ਮੁਤਾਬਕ ਇਸ ਮਾਮਲੇ ਦੇ ਦੋ ਚਸ਼ਮਦੀਦਾਂ ਨੇ ਕਮਲ ਨਾਥ ਖਿਲਾਫ਼ ਕੇਂਦਰੀ ਵਿਸ਼ੇਸ਼ ਜਾਂਚ ਟੀਮ ਨੂੰ ਲਿਖ ਕੇ ਬਿਆਨ ਲੈਣ ਦੀ ਇੱਛਾ ਜਤਾਈ ਹੈ। ਚਸ਼ਮਦੀਦਾਂ ਵਿੱਚ ਸੰਜੇ ਸੂਰੀ ਸ਼ਾਮਲ ਹਨ ਜੋ ਸਿੱਖਾਂ ਦੇ ਕਤਲੇਆਮ ਦੌਰਾਨ ‘ਇੰਡੀਅਨ ਐਕਸਪ੍ਰੈਸ’ ਵਿੱਚ ਪੱਤਰਕਾਰ ਸਨ। ਦੋ ਸਿੱਖਾਂ ਨੂੰ ਜ਼ਿੰਦਾ ਸਾੜੇ ਜਾਣ ਦੇ ਮਾਮਲੇ ਵਿੱਚ ਕਮਲਨਾਥ ਮੁਲਜ਼ਮ ਹਨ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਭੀੜ ਨੂੰ ਭੜਕਾਇਆ ਸੀ।

ਦੂਜੇ ਪਾਸੇ, ਕਮਲ ਨਾਥ ਦਾ ਕਹਿਣਾ ਹੈ ਕਿ ਉਹ ਉਸ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀਆਂ ਹਦਾਇਤਾਂ ’ਤੇ ਦੰਗਾਕਾਰੀਆਂ ਨੂੰ ਸ਼ਾਂਤ ਕਰਨ ਲਈ ਗੁਰਦੁਆਰੇ ਵਿੱਚ ਸੀ। ਕਾਬਲੇਗੌਰ ਹੈ ਕਿ ਨਾਨਾਵਤੀ ਕਮਿਸ਼ਨ ਜਿਸ ਨੇ 1984 ਕਤਲੇਆਮ ਦੇ ਤਿੰਨ ਮਾਮਲਿਆਂ ਦੀ ਮੁੜ ਜਾਂਚ ਦੇ ਹੁਕਮ ਦਿੱਤੇ ਹਨ ਨੇ ਗੁਰਦੁਆਰਾ ਰਕਾਬਗੰਜ ਮਾਮਲੇ ਵਿੱਚ ਕਮਲ ਨਾਥ ਨੂੰ ਸ਼ੱਕ ਦੇ ਅਧਾਰ ’ਤੇ ਬਰੀ ਕਰ ਦਿੱਤਾ ਸੀ।