ਅੰਮ੍ਰਿਤਸਰ: ਕੱਲ੍ਹ ਦੇਰ ਰਾਤ ਅੰਮ੍ਰਿਤਸਰ ਦੇ ਟੇਲਰ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਐਕਟਿਵਾ ਸਵਾਰ ਸਕੇ ਭਰਾਵਾਂ ਦੀ ਮੌਤ ਹੋ ਗਈ। ਐਕਟਿਵਾ ਦੀ ਤੇਜ਼ ਰਫਤਾਰ ਸਕਾਰਪੀਓ ਗੱਡੀ ਨਾਲ ਟੱਕਰ ਹੋਣ 'ਤੇ ਦੋਹਾਂ ਭਰਾਵਾਂ ਵਿੱਚੋਂ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।


ਨੌਜਵਾਨਾਂ ਦੇ ਪਿਤਾ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਸਪਤਾਲ ਵਿੱਚ ਦਾਖਲ ਸਨ। 10:30 ਵਜੇ ਉਨ੍ਹਾਂ ਦੇ ਬੇਟੇ ਆਪਣੇ ਦਾਦੇ ਲਈ ਘਰ ਖਾਣਾ ਲੈਣ ਲਈ ਨਿਕਲੇ ਸੀ। ਉਹ ਜਿਵੇਂ ਹੀ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਤੇਜ਼ ਰਫਤਾਰ ਸਕਾਰਪੀਓ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਗੱਡੀ ਦਾ ਚਲਾਕ ਗੱਡੀ ਲੈ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਤੁਰੰਤ ਦੋਹਾਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲੇ ਨੌਜਵਾਨਾਂ ਦਾ ਨਾਮ ਸ਼ਰਧ ਤੇ ਹਨੀ ਹੈ, ਜਿਨ੍ਹਾਂ ਵਿੱਚੋਂ ਸ਼ਰਧਾ ਦੀ ਉਮਰ 18 ਸਾਲ ਤੇ ਹਨੀ ਦੀ ਉਮਰ 22 ਸਾਲ ਹੈ।

ਥਾਣਾ ਸਿਵਲ ਲਾਈਨ ਦੇ ਐਸਐਚਓ ਸ਼ਿਵਦਾਰਸ਼ਨ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਵਾਇਰਲੈਸ ਰਾਹੀਂ ਮੈਸੇਜ ਭੇਜ ਦਿੱਤਾ ਗਿਆ ਤੇ ਸਕਾਰਪੀਓ ਗੱਡੀ ਨੂੰ ਉਸ ਦੇ ਚਾਲਕ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਦੋਹਾਂ ਨੌਜਵਾਨਾਂ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਾਦਸੇ ਵਿੱਚ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਗੱਡੀ ਚਲਾ ਰਹੇ ਸ਼ਖਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਪਰਿਵਾਰ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ।