ਪਟਿਆਲਾ: ਇਸ ਵਾਰ ਠੰਢ ਸਾਰੇ ਰਿਕਾਰਡ ਤੋੜ ਰਹੀ ਹੈ। ਇਸ ਲਈ ਲੋਕ ਸਰਦੀ ਤੋਂ ਬਚਣ ਲਈ ਹਰ ਢੰਗ ਵਰਤ ਰਹੇ ਹਨ। ਕਈ ਲੋਕ ਰਾਤ ਨੂੰ ਕਮਰੇ ਅੰਦਰ ਅੰਗੀਠੀ ਬਾਲ ਲੈਂਦੇ ਹਨ ਪਰ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਅਜਿਹੀ ਘਟਨਾ ਪਟਿਆਲਾ ਵਿੱਚ ਵਾਪਰੀ ਹੈ ਜਿਸ ਵਿੱਚ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ ਜਦਕਿ ਤੀਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਦਰਅਸਲ ਅਰਬਨ ਅਸਟੇਟ ਫੇਜ਼-ਦੋ ਵਿੱਚ ਠੰਢ ਤੋਂ ਬਚਾਅ ਕਰਨ ਲਈ ਪਰਿਵਾਰ ਵੱਲੋਂ ਰਾਤ ਵੇਲੇ ਆਪਣੇ ਕਮਰੇ ’ਚ ਅੰਗੀਠੀ ਬਾਲ ਲਈ। ਇਸ ਕਾਰਨ ਕਮਰੇ ਵਿੱਚ ਗੈਸ ਬਣ ਗਈ ਤੇ ਦਮ ਘੁਟਣ ਕਰਕੇ ਦੋ ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 21 ਵਰ੍ਹਿਆਂ ਦੀ ਪ੍ਰਿਯੰਕਾ ਦੇਵੀ ਤੇ ਉਸ ਦੀ ਡੇਢ ਵਰ੍ਹੇ ਦੀ ਧੀ ਅਨੀਸ਼ਾ ਕੁਮਾਰੀ ਸ਼ਾਮਲ ਹਨ। ਪ੍ਰਿਯੰਕਾ ਦਾ ਪਤੀ ਸੰਤੋਖ ਮੰਡਲ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੇ ਠੰਢ ਤੋਂ ਬਚਣ ਲਈ ਰਾਤ ਵੇਲੇ ਆਪਣੇ ਕਮਰੇ ’ਚ ਅੰਗੀਠੀ ਬਾਲੀ ਸੀ। ਅੰਗੀਠੀ ਕਾਰਨ ਰਾਤ ਵੇਲੇ ਦਮ ਘੁਟਣ ਕਰਕੇ ਤਿੰਨੋਂ ਜਣੇ ਬੇਹੋਸ਼ੀ ਦੀ ਹਾਲਤ ਵਿੱਚ ਵੱਡੇ ਦਿਨ ਤੱਕ ਨਾ ਉੱਠੇ। ਸਵੇਰੇ ਕਮਰੇ ਦਾ ਦਰਵਾਜ਼ਾ ਖੜਕਾਉਣ ’ਤੇ ਜਦੋਂ ਅੰਦਰੋਂ ਕੋਈ ਆਵਾਜ਼ ਨਾ ਆਈ ਤਾਂ ਦਰਵਾਜ਼ਾ ਤੋੜ ਦਿੱਤਾ। ਅੰਦਰ ਪਰਿਵਾਰ ਦੇ ਤਿੰਨੇ ਜੀਅ ਬੇਹੋਸ਼ੀ ਦੀ ਹਾਲਤ ਵਿੱਚ ਪਏ ਸਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿੱਚ ਪ੍ਰਿਯੰਕਾ ਦੇਵੀ ਤੇ ਬੱਚੀ ਦੀ ਮੌਤ ਹੋ ਗਈ ਜਦਕਿ ਸੰਤੋਖ ਮੰਡਲ ਦੀ ਹਾਲਤ ਗੰਭੀਰ ਬਣੀ ਹੋਈ ਹੈ।