ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹੇ  ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗਲ ਹੈ ਕਿ ਰਾਜਾਸਾਂਸੀ ਕਸਬੇ ਵਿਚ ਅੱਜ ਵੀ ਸੀਵਰੇਜ, ਪਾਣੀ ਅਤੇ ਡਰੇਨੇਜ ਦੀਆਂ ਸਮੱਸਿਆਵਾਂ ਹਨ। ਬਾਰਸ਼ ਦੇ ਸਮੇਂ ਲੋਕ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਇਹ ਵਰਤਾਰਾ ਦਸ ਦਾ ਹੈ ਕਿ ਸਾਨੂੰ ਰਾਜਾਸਾਂਸੀ ਦੇ ਵਿਕਾਸ ’ਤੇ ਵਧੇਰੇ ਫੋਕਸ ਕਰਨ ਦੀ ਲੋੜ ਹੈ।



 ਸੰਧੂ ਵਿਧਾਨ ਸਭਾ ਹਲਕਾ ਰਾਜਾਸਾਂਸੀ ਲਈ ਭਾਜਪਾ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਰਾਜਾਸਾਂਸੀ ਵਾਰਡ ਨੰ 5 ਬਾਬਾ ਜਵੰਦ ਸਿੰਘ ਜੀ ਕਾਲੋਨੀ ਵਿਖੇ ਕਰਾਏ ਗਏ ਇਕ ਪ੍ਰਭਾਵਸ਼ਾਲੀ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ।  ਸੰਦੀਪ ਸਿੰਘ ਗਿੱਲ ਯੂ ਐੱਸ ਏ ਦੇ ਗ੍ਰਹਿ ਵਿਖੇ ਹੋਈ ਇਸ ਚੋਣਾਂ ਸਬੰਧੀ ਮੀਟਿੰਗ ਦੌਰਾਨ  ਭਾਜਪਾ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਨਾਲ ਸੰਬੰਧਿਤ ਰਹੇ ਦਰਜਨਾਂ ਪਰਿਵਾਰਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਿਨ੍ਹਾਂ ਨੂੰ ਸ. ਤਰਨਜੀਤ ਸਿੰਘ ਸੰਧੂ ਨੇ ਸਨਮਾਨਿਤ ਕਰਦਿਆਂ ਪਾਰਟੀ ਵਿਚ ਸਵਾਗਤ ਕੀਤਾ।



ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਰਾਜਾਸਾਂਸੀ ਵਿਚ ਅੰਤਰਰਾਸ਼ਟਰੀ ਏਅਰਪੋਰਟ ਦੇ ਮੌਜੂਦ ਹੋਣ ਨਾਲ ਇੱਥੋਂ ਵੱਧ ਤੋਂ ਵਧ ਏਅਰ ਕੁਨੈਕਟੀਵਿਟੀ ਹੋਵੇ, ਵਧੇਰੇ ਫਲਾਇਟਾਂ ਆਉਣ, ਇੱਥੋਂ ਕਾਰਗੋ ਫਲਾਈਟ ਚਲੇ ਤਾਂ ਅੰਮ੍ਰਿਤਸਰ ਦੀ ਆਰਥਿਕਤਾ ਉਚਾਈਆਂ ਨੂੰ ਛੂਹੇਗਾ, ਨਾਲ ਹੀ ਅੰਮ੍ਰਿਤਸਰ ਅਤੇ ਪੰਜਾਬ ਨੂੰ ਇਸ ਦਾ ਲਾਭ ਮਿਲੇਗਾ। ਇਹ ਸਭ ਮਿਲ ਜੁੱਲ ਕੇ ਸਖ਼ਤ ਮਿਹਨਤ ਨਾਲ ਸਿਰੇ ਚਾੜ੍ਹਨ ਦੀ ਲੋੜ ਹੈ। 


ਅਸੀਂ ਅੰਮ੍ਰਿਤਸਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲੈ ਕੇ ਆਵਾਂਗੇ, ਜਿਸ ਵਿਚ ਰਾਜਾਸਾਂਸੀ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਨੇਕਾਂ ਲੋਕ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿਚ ਆਏ ਹਨ, ਲੋਕ ਇਹ ਸਮਝ ਚੁੱਕੇ ਹਨ ਕਿ ਇਸ ਵਾਰ ਵੀ ਮੋਦੀ ਦੀ ਕੇਂਦਰ ਵਿਚ ਸਰਕਾਰ ਬਣਨੀ ਹੈ। ਭਾਰਤ ’ਚ ਮੋਦੀ ਨੇ ਅਨੇਕਾਂ ਵਿਕਾਸ ਕਾਰਜ ਕਰਾਏ ਹਨ। ਮੈਂ ਨੂੰ ਅਮਰੀਕਾ ਵਿਚ ਰਾਜਦੂਤ ਵਜੋਂ ਇਹ ਪਤਾ ਹੈ ਕਿ ਭਾਰਤ ਵਿਚ ਅਮਰੀਕੀ ਕੰਪਨੀਆਂ ਨੇ ਬਹੁਤ ਨਿਵੇਸ਼ ਕੀਤਾ ਹੈ। 



ਮੇਰੀ ਕੋਸ਼ਿਸ਼ ਹੈ ਕਿ ਇਹ ਨਿਵੇਸ਼ ਅੰਮ੍ਰਿਤਸਰ ਵੀ ਆਵੇ। ਇਸ ਵਾਰ ਭਾਜਪਾ ਦੇ ਉਮੀਦਵਾਰ ਨੂੰ ਜਿਤਾ ਕੇ ਅੰਮ੍ਰਿਤਸਰ ਦੇ ਵਿਕਾਸ ਏਜੰਡੇ ’ਚ ਲੋਕ ਆਪਣੀ ਭੂਮਿਕਾ ਨਿਭਾਉਣਗੇ।  ਉਨ੍ਹਾਂ ਕਿਹਾ ਕਿ ਰਾਜਾਸਾਂਸੀ ਵਿਚ ਖੇਡ ਸਟੇਡੀਅਮ ਅਤੇ ਬੱਸ ਅੱਡਾ ਬਣਾਇਆ ਜਾਵੇਗਾ।  ਸਾਰੇ ਕੱਚੇ ਘਰ ਪੱਕੇ ਕੀਤੇ ਜਾਣਗੇ।



ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ’ਚ ਯਾਦਵਿੰਦਰ ਸਿੰਘ ਰੰਧਾਵਾ, ਮਨਿੰਦਰ ਸਿੰਘ ਭੱਟੀ, ਰਿਟਾ. ਇੰਸਪੈਕਟਰ ਬਲਬੀਰ ਸਿੰਘ ਭੱਟੀ, ਰਣਬੀਰ ਸਿੰਘ ਭੱਟੀ, ਰਾਜਬੀਰ ਸਿੰਘ ਰੰਧਾਵਾ, ਰਜਿੰਦਰ ਸਿੰਘ ਗਿੱਲ, ਹਰਕੀਰਤ ਸਿੰਘ ਰੰਧਾਵਾ, ਸੁਖਜੀਤ ਸਿੰਘ ਬਾਠ, ਗੁਲਜ਼ਾਰ ਸਿੰਘ ਬਾਠ, ਕੁਲਦੀਪ ਸਿੰਘ ਰੰਧਾਵਾ, ਰਜਿੰਦਰ ਸਿੰਘ, ਸੁਖਬੀਰ ਸਿੰਘ ਅਤੇ ਕਮਲਪ੍ਰੀਤ ਸਿੰਘ ਭੱਟੀ ਦੇ ਪਰਿਵਾਰ ਸ਼ਾਮਿਲ ਹਨ।